ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਮਾਰਚ
ਹਲਕਾ ਲਹਿਰਾਗਾਗਾ ਦੇ ਪਿੰਡ ਬਖੋਰਾ ਕਲਾਂ ਵਿੱਚ ਅੱਜ ਅੱਠ ਲੱਖ ਦੇ ਕਰਜ਼ੇ ਤੋਂ ਤੰਗ ਆ ਕੇ ਪਤੀ-ਪਤਨੀ ਨੇ ਖੁਦਕਸ਼ੀ ਕਰ ਲਈ। ਸੁਖਦਰਸ਼ਨ ਸਿੰਘ ਵਾਸੀ ਬਖੋਰਾ ਕਲਾਂ ਨੇ ਪੁਲੀਸ ਨੂੰ ਲਿਖਤੀ ਬਿਆਨ ਵਿੱਚ ਦੱਸਿਆ ਕਿ ਉਸ ਦਾ ਵੱਡਾ ਭਰਾ ਕਾਲਾ ਸਿੰਘ ਉਰਫ ਰਘਵੀਰ ਸਿੰਘ ਆਪਣੀ ਪਤਨੀ ਸੰਦੀਪ ਕੌਰ ਅਤੇ ਦੋ ਬੱਚਿਆਂ 8 ਸਾਲਾ ਗੁਰਪ੍ਰੀਤ ਸਿੰਘ ਅਤੇ 5 ਸਾਲਾ ਰੋਮਾ ਕੌਰ ਅਤੇ ਮਾਤਾ ਨਾਲ ਪਿੰਡ ਬਖੋਰਾ ਕਲਾਂ ਵਿੱਚ ਰਹਿ ਰਿਹਾ ਸੀ। ਕਾਲਾ ਸਿੰਘ ਨੇ ਕਰਜ਼ਾ ਚੁੱਕ ਕੇ ਮਕਾਨ ਲਿਆ ਗਿਆ, ਮਿਹਨਤ-ਮਜ਼ਦੂਰੀ ਕਰਨ ਦੇ ਬਾਵਜੂਦ ਉਹ ਕਰਜ਼ਾ ਨਹੀਂ ਉਤਾਰ ਸਕਿਆ। ਇਸ ਕਾਰਨ ਦੋਵੇਂ ਪਤੀ-ਪਤਨੀ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗੇ। ਜਦੋਂ ਉਹ ਆਪਣੇ ਪਰਿਵਾਰ ਤੇ ਮਾਤਾ ਨਾਲ ਪਿੰਡ ਲਹਿਲ ਖੁਰਦ ਵਿੱਚ ਵਿਆਹ ਸਮਾਗਮ ਵਿੱਚ ਗਿਆ ਸੀ ਤਾਂ ਪਿਛੋਂ ਰਾਤ ਸਮੇਂ ਕਾਲਾ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਨੇ ਡੰਗਰਾਂ ਵਾਲੇ ਬਰਾਂਡੇ ਵਿੱਚ ਗਾਡਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਕਾਨੂੰਨੀ ਕਾਰਵਾਈ ਕਰਦਿਆਂ ਪੋਸਟਮਾਰਟਮ ਮਗਰੋਂ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ।
ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਾਰਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼ ਕਰਨ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।