ਵਿਦਿਆਰਥੀ ਤੇ ਅਧਿਆਪਕ ਜਥੇਬੰਦੀਆਂ ਵਲੋਂ ਵਿਦਿਅਕ ਸੰਸਥਾਵਾਂ ਬੰਦ ਕਰਨ ਖ਼ਿਲਾਫ਼ ਰੋਸ ਮਾਰਚ

ਵਿਦਿਆਰਥੀ ਤੇ ਅਧਿਆਪਕ ਜਥੇਬੰਦੀਆਂ ਵਲੋਂ ਵਿਦਿਅਕ ਸੰਸਥਾਵਾਂ ਬੰਦ ਕਰਨ ਖ਼ਿਲਾਫ਼ ਰੋਸ ਮਾਰਚ

ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਅਪਰੈਲ

ਵੱਖ-ਵੱਖ ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀਆਂ ਵਲੋਂ ਵਿਦਿਅਕ ਸੰਸਥਾਵਾਂ ਬੰਦ ਕਰਨ ਦੇ ਫੈਸਲੇ ਖ਼ਿਲਾਫ਼ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਨਵੀਂ ਸਿੱਖਿਆ ਨੀਤੀ-2020 ਅਤੇ ਵਿਦਿਅਕ ਸੰਸਥਾਵਾਂ ਬੰਦ ਕਰਨ ਦੇ ਫੁਰਮਾਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ’ਤੇ ਕਰੋਨਾ ਦੇ ਬਹਾਨੇ ਵਿਦਿਅਕ ਸੰਸਥਾਵਾਂ ਬੰਦ ਕਰਕੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ ਅਤੇ ਤੁਰੰਤ ਵਿਦਿਅਕ ਸੰਸਥਾਵਾਂ ਖੋਲ੍ਹਣ ਦੀ ਮੰਗ ਕੀਤੀ। ਵੱਖ-ਵੱਖ ਵਿਦਿਆਰਥੀ ਤੇ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਹੇਠ ਵਿਦਿਆਰਥੀ ਤੇ ਅਧਿਆਪਕ ਸਥਾਨਕ ਨੈਣਾਂ ਦੇਵੀ ਪਾਰਕ ਵਿਚ ਇਕੱਠੇ ਹੋਏ, ਜਿਥੋਂ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਸੰਸਥਾਵਾਂ 30 ਅਪਰੈਲ ਤੱਕ ਬੰਦ ਕਰਨ ਦੇ ਫੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਵਿਚਕਾਰ ਵੱਡੇ ਚੌਕ ਵਿਚ ਪੁੱਜ ਕੇ ਨਵੀਂ ਸਿੱਖਿਆ ਨੀਤੀ ਅਤੇ ਵਿਦਿਆਰਥੀ ਵਿਰੋਧੀ ਫੁਰਮਾਨਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਜੱਸਲ, ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਆਗੂ ਰਮਨ ਕਾਲਾਝਾੜ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਕਰਨਵੀਰ ਸਾਰੋਂ ਅਤੇ ਪੀਐਸਯੂ ਦੇ ਜ਼ਿਲ੍ਹਾ ਆਗੂ ਸੁਖਦੀਪ ਹਥਨ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇਂਦਰ ਦੇ ਰਸਤੇ ਚਲਦਿਆਂ ਸਿੱਖਿਆ ਦਾ ਘਾਣ ਕਰ ਰਹੀ ਹੈ। ਬੁਲਾਰਿਆਂ ਨੇ ਸਵਾਲ ਉਠਾਇਆ ਕਿ ਪੰਜ ਰਾਜਾਂ ’ਚ ਚੋਣਾਂ ਦੇ ਸਬੰਧ ’ਚ ਵੱਡੀਆਂ ਸਿਆਸੀ ਰੈਲੀਆਂ ਹੋ ਰਹੀਆਂ ਹਨ। ਪੰਜਾਬ ਵਿਚ ਸਿਨੇਮੇ, ਹੋਟਲ, ਮਾਲ, ਸ਼ਰਾਬ ਦੇ ਠੇਕੇ ਅਤੇ ਟਰਾਂਸਪੋਰਟ ਅਤੇ ਹੋਰ ਸਭ ਕੁੱਝ ਖੁੱਲ੍ਹਾ ਹੈ ਪਰੰਤੂ ਸਿਰਫ਼ ਵਿਦਿਅਕ ਸੰਸਥਾਵਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਵਿਦਿਅਕ ਸੰਸਥਾਵਾਂ ਨਾ ਖੋਲ੍ਹੀਆਂ ਤਾਂ ਵਿਦਿਆਰਥੀ ਅਤੇ ਅਧਿਆਪਕ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਡੀਟੀਐਫ਼ ਦੇ ਪਰਵਿੰਦਰ ਉਭਾਵਾਲ, ਮੇਘ ਰਾਜ, ਜੀਟੀਯੂ ਦੇ ਫਕੀਰ ਸਿੰਘ ਟਿੱਬਾ ਤੋਂ ਇਲਾਵਾ ਬੇਰੁਜ਼ਗਾਰ ਸਾਂਝਾ ਮੋਰਚਾ, ਭਾਕਿਯੂ (ਏਕਤਾ) ਉਗਰਾਹਾਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਨੌਜ਼ਵਾਨ ਭਾਰਤ ਸਭਾ (ਲਲਕਾਰ) ਆਦਿ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ।

ਲੰਬੀ(ਇਕਬਾਲ ਸ਼ਾਂਤ): ਕਰੋਨਾ ਕਾਰਨ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਰਾਜ ਦੇ ਸਕੂਲ-ਕਾਲਜ ਖੁੱਲ੍ਹਵਾਉਣ ਲਈ ਨੌਜਵਾਨ ਭਾਰਤ ਸਭਾ ਵੀ ਸੜਕਾਂ 'ਤੇ ਉੱਤਰ ਆਈ ਹੈ। ਸਭਾ ਦੀ ਲੰਬੀ ਇਕਾਈ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਬੀ ਦੇ ਗੇਟ ਮੂਹਰੇ ਧਰਨਾ ਦਿੱਤਾ ਗਿਆ।

ਬਾਅਦ ਵਿਚ ਬੱਸ ਅੱਡੇ ਤੱਕ ਨਾਅਰੇਬਾਜ਼ੀ ਨਾਲ ਰੋਸ ਮਾਰਚ ਕੀਤਾ। ਸਭਾ ਦੇ ਆਗੂ ਮਨਪ੍ਰੀਤ ਸਿੰਘੇਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਦਾ ਸਹਿਮ ਫੈਲਾ ਕੇ ਪੰਜਾਬ ਦੇ ਸਕੂਲ ਕਾਲਜ ਬੰਦ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦਾ ਰੁਜ਼ਗਾਰ ਵੀ ਪ੍ਰਭਾਵਿਤ ਹੋਇਆ ਹੈ ਅਤੇ ਵੈਨ ਚਾਲਕਾਂ ਦੇ ਕਿੱਤੇ ਨੂੰ ਵੀ ਵੱਡੀ ਸੱਟ ਵੱਜੀ ਹੈ। ਹਰਮਨਪ੍ਰੀਤ ਭੁੱਲਰਵਾਲਾ ਅਤੇ ਮਨਪ੍ਰੀਤ ਕਿੱਲਿਆਂਵਾਲੀ ਨੇ ਕਿਹਾ ਕਿ ਸਰਕਾਰ ਦਾ ਫਰਜ਼ ਹੈ ਕਿ ਕਰੋਨਾ ਸਬੰਧੀ ਜ਼ਰੂਰੀ ਸੁਰੱਖਿਆ ਇੰਤਜ਼ਾਮ ਯਕੀਨੀ ਬਣਾ ਕੇ ਸਕੂਲ-ਕਾਲਜ ਅਤੇ ਸਾਰੇ ਵਿਦਿਅਕ ਅਦਾਰੇ ਖੋਲ੍ਹੇ ਜਾਣ ਅਤੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਜਾਵੇ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਨੌਜਵਾਨ, ਵਿਦਿਆਰਥੀਆਂ ਤੋਂ ਇਲਾਵਾ ਤਰਕਸ਼ੀਲ ਆਗੂ ਗੁਰਸੇਵਕ ਸਿੰਘ, ਕਿਸਾਨ ਆਗੂ ਜਗਸੀਰ ਸਿੰਘ ਗੱਗੜ ਮੌਜੂਦ ਸਨ।

ਸੰਗਤ ਮੰਡੀ(ਧਰਮਪਾਲ ਸਿੰਘ ਤੂਰ): ਨੌਜਵਾਨ ਭਾਰਤ ਸਭਾ ਅਤੇ ਵਿਦਿਆਰਥੀ ਏਕਤਾ ਕਮੇਟੀ ਵੱਲੋਂ ਅੱਜ ਪਿੰਡ ਘੁੱਦਾ ਵਿਖੇ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਵਿਦਿਅਕ ਅਦਾਰਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਦੀ ਹਕੂਮਤ ਵੱਲੋਂ ਸਿੱਖਿਆ ਦਾ ਉਜਾੜਾ ਕਰਨ ਵਾਲੀ ਨਵੀਂ ਸਿੱਖਿਆ ਨੀਤੀ 2020 ਦੀਆਂ ਕਾਪੀਆਂ ਸਾੜੀਆਂ ਗਈਆਂ। ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਕੋਟਗੁਰੂ ਅਤੇ ਸਭਾ ਦੇ ਆਗੂ ਜਸਕਰਨ ਕੋਟਗੁਰੂ ਨੇ ਕਿਹਾ ਕਿ ਕਰੋਨਾ ਦੀ ਆੜ 'ਚ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫ਼ੈਸਲਾ ਸਿੱਖਿਆ ਦਾ ਉਜਾੜਾ ਕਰਨ ਵਾਲਾ ਹੈ।

ਪ੍ਰਦਰਸ਼ਨ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਗੇਟ ਤੋਂ ਬੱਸ ਸਟੈਂਡ ਤੱਕ ਮਾਰਚ ਕੀਤਾ ਗਿਆ ਤੇ ਨਵੀਂ ਸਿੱਖਿਆ ਨੀਤੀ ਰੱਦ ਕਰੋ ਦੇ ਆਕਾਸ਼ ਗੁੰਜਾਊ ਨਾਅਰੇ ਲਾਏ ਗਏ। ਇਸ ਮੌਕੇ ਰੰਗ ਦੇ ਬਸੰਤੀ ਨਾਟਕ ਟੀਮ ਬਠਿੰਡਾ ਵੱਲੋਂ 'ਡਰਨਾ' ਨਾਟਕ ਪੇਸ਼ ਕੀਤਾ ਗਿਆ ਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਕੁਲਵੰਤ ਰਾਏ ਸ਼ਰਮਾ ਅਤੇ ਅਜੇਪਾਲ, ਸਰਕਾਰੀ ਸਪੋਰਟਸ ਸਕੂਲ ਮੁਲਾਜ਼ਮ ਯੂਨੀਅਨ ਤੋਂ ਗਗਨਦੀਪ ਸਿੰਘ, ਵਿਦਿਆਰਥੀ ਏਕਤਾ ਕਮੇਟੀ ਤੋਂ ਨਿਰਮਲ, ਅਕਾਸ਼ਦੀਪ, ਰਵਨੀਤ ਕੌਰ, ਕਮਲਜੀਤ ਕੌਰ, ਖੁਸ਼ਪ੍ਰੀਤ ਕੌਰ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਅਸ਼ਵਨੀ ਘੁੱਦਾ, ਹਰਵਿੰਦਰ ਗਾਗੀ, ਰਿੰਕੂ ਤੇ ਗੁਰਦਾਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All