ਥਾਣਾ ਮੁਖੀ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਸੰਘਰਸ਼ ਦਾ ਐਲਾਨ

ਥਾਣਾ ਮੁਖੀ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਸੰਘਰਸ਼ ਦਾ ਐਲਾਨ

ਪਿੰਡ ਤਕੀਪੁਰ ਵਿਚ ਮੀਟਿੰਗ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਜਗਤਾਰ ਸਿੰਘ ਨਹਿਲ
ਲੌਂਗੋਵਾਲ, 12 ਅਗਸਤ

ਅੱਜ ਅਨਾਜ ਮੰਡੀ ਤਕੀਪੁਰ ਵਿਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਨੇੜਲੇ ਪਿੰਡਾਂ ਸਾਹੋਕੇ, ਢੱਡਰੀਆਂ, ਰੱਤੋਕੇ ਅਤੇ ਤਕੀਪੁਰ ਦੇ ਲੋਕਾਂ ਨੇ ਮੀਟਿੰਗ ਕਰ ਕੇ ਪਿਛਲੇ ਦਿਨੀਂ ਰਫ਼ਿਊਜ਼ੀ ਭਾਈਚਾਰੇ ਨੂੰ ਮੰਦਾ ਬੋਲਣ ਅਤੇ ਸ਼ਰਾਬ ਦੇ ਕਥਿਤ ਨਾਜਾਇਜ਼ ਕੇਸ ਪਾਉਣ ਵਾਲੇ ਲੌਂਗੋਵਾਲ ਦੇ ਥਾਣਾ ਮੁਖੀ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ ਅਤੇ ਦਰਸ਼ਨ ਸਿੰਘ ਕੁੰਨਰਾਂ ਨੇ ਕਿਹਾ ਕਿ ਜੇਕਰ ਥਾਣੇਦਾਰ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਉਸ ਨੂੰ ਕਥਿਤ ਤੌਰ ’ਤੇ ਥਾਪੜਾ ਦੇਣ ਵਾਲੇ ਕਾਂਗਰਸ ਦੇ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਦੇ 15 ਅਗਸਤ ਨੂੰ ਪਿੰਡਾਂ ’ਚ ਪੁਤਲੇ ਸਾੜੇ ਜਾਣਗੇ, 20 ਅਗਸਤ ਨੂੰ ਲੌਂਗੋਵਾਲ ਵਿਖੇ ਪੁਲ ਦਾ ਉਦਘਾਟਨ ਕਰਨ ਆ ਰਹੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਘਿਰਾਓ ਕੀਤਾ ਜਾਵੇਗਾ ਅਤੇ ਚਾਰੇ ਪਿੰਡਾਂ ਦੇ ਲੋਕਾਂ ਵੱਲੋਂ ਰਾਜਨੀਤਕ ਆਗੂਆਂ ਦਾ ਪਿੰਡਾਂ ਵਿੱਚ ਦਾਖਲਾ ਬੰਦ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਲੋਕਾਂ ਨੇ ਇਲਾਕੇ ਵਿੱਚ ਟੀਕੇ, ਗੋਲੀਆਂ ਤੇ ਹਰਿਆਣਾ ਮਾਰਕਾ ਜਾਅਲੀ ਸ਼ਰਾਬ ਵੇਚਣ ਵਾਲੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੀ ਮੰਗ ਵੀ ਕੀਤੀ।

ਆਗੂਆਂ ਨੇ ਦੱਸਿਆ ਕਿ ਪੁਲੀਸ ਨੇ ਇਲਾਕੇ ਦੇ ਵੱਡੇ ਸਮਗਲਰਾਂ ਨੂੰ ਹੱਥ ਪਾਉਣ ਦੀ ਬਜਾਏ ਨਸ਼ਾ ਵਿਰੋਧੀ ਮੁਹਿੰਮ ਦਾ ਨਿਸ਼ਾਨਾ ਕਥਿਤ ਤੌਰ ’ਤੇ ਆਮ ਲੋਕਾਂ ਨੂੰ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨਾਲ ਹੋਈ ਜ਼ਿਆਦਤੀ ਸਬੰਧੀ ਪੰਜ ਦਿਨ ਪਹਿਲਾਂ ਐੱਸਐੱਸਪੀ ਸੰਗਰੂਰ ਨੂੰ ਜਾਣੂ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਹੁਣ ਤੱਕ ਕੋਈ ਅਮਲ ਨਹੀਂ ਹੋਇਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਸਾਹਿਬ ਸਿੰਘ, ਮੰਗਾ ਸਿੰਘ, ਜਸਵੀਰ ਸਿੰਘ ਸਾਹੋਕੇ, ਸੁੱਖਾ ਸਿੰਘ, ਮਨਿੰਦਰਪਾਲ ਸਿੰਘ ਬੱਬੂ, ਬਲਿਹਾਰ ਸਿੰਘ ਤੇ ਅੰਗਰੇਜ਼ ਸਿੰਘ ਰੱਤੋਕੇ ਹਾਜ਼ਰ ਸਨ।

ਮਨੁੱਖੀ ਅਧਿਕਾਰ ਸੁਰੱਖਿਆ ਦਲ ਦੀ ਮੀਟਿੰਗ

ਪਟਿਆਲਾ (ਖੇਤਰੀ ਪ੍ਰਤੀਨਿਧ): ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਦੇ ਮੁੱਖ ਦਫ਼ਤਰ ਪਟਿਆਲਾ ਵਿੱਚ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਜਥੇਬੰਦੀ ਦੇ ਕੌਮੀ ਪ੍ਰਧਾਨ ਐਡਵੋਕੇਟ ਹਰਮੋਹਨ ਸਿੰਘ ਸਕਰਾਲੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਕੁਝ ਅੰਦਰੂਨੀ ਮਸਲੇ ਵਿਚਾਰੇ ਗਏ। ਜਥੇਬੰਦੀ ਦੇ ਕੁਝ ਸੂਬਾਈ ਅਹੁਦੇਦਾਰਾਂ ਵੱਲੋਂ ਜਥੇਬੰਦੀ ਦੇ ਹੀ ਖ਼ਿਲਾਫ਼ ਕਥਿਤ ਸਾਜ਼ਿਸ਼ਾਂ ਰਚਣ ਦਾ ਮਾਮਲਾ ਵੀ ਅਹੁਦੇਦਾਰਾਂ ਨੇ ਪ੍ਰਧਾਨ ਦੇ ਧਿਆਨ ’ਚ ਲਿਆਂਦਾ ਜਿਸ ਦੌਰਾਨ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਜਥੇਬੰਦੀ ਦੇ ਇਕ ਸੂਬਾਈ ਅਹੁਦੇਦਾਰ ਨੂੰ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All