ਲਾਵਾਰਿਸ ਪਸ਼ੂਆਂ ਨੇ ਕਿਸਾਨਾਂ ਦੀ ਨੀਂਦ ਹਰਾਮ ਕੀਤੀ

ਲਾਵਾਰਿਸ ਪਸ਼ੂਆਂ ਨੇ ਕਿਸਾਨਾਂ ਦੀ ਨੀਂਦ ਹਰਾਮ ਕੀਤੀ

ਲਹਿਰਾਗਾਗਾ ਦੀ ਅਨਾਜ ਮੰਡੀ ’ਚ ਝੋਨੇ ਦੀ ਢੇਰੀ ’ਚ ਮੂੰਹ ਮਾਰਦਾ ਹੋਇਆ ਇਕ ਲਾਵਾਰਿਸ ਪਸ਼ੂ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਅਕਤੂਬਰ

ਇੱਥੋਂ ਦੀ ਪੁਰਾਣੀ ਅਤੇ ਨਵੀਂ ਅਨਾਜ ਮੰਡੀ ਵਿੱਚ ਲਾਵਾਰਿਸ ਘੁੰਮਦੇ ਪਸ਼ੂਆਂ ਨੇ ਝੋਨਾ ਵੇਚਣ ਆਏ ਕਿਸਾਨਾਂ ਦੀ ਨੀਂਦ ਹਰਮਾ ਕਰ ਕੇ ਰੱਖੀ ਹੋਈ ਹੈ। ਇੱਕ ਪਾਸੇ ਤਾਂ ਕਿਸਾਨਾਂ ਨੂੰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ-ਰਾਤ ਦੇ ਧਰਨੇ ਲਾਉਣੇ ਪੈਂਦੇ ਹਨ ਅਤੇ ਦੂਜੇ ਪਾਸੇ ਮੰਡੀ ਵਿੱਚ ਰੱਖੀ ਆਪਣੀ ਝੋਨੇ ਦੀ ਫ਼ਸਲ ਲਾਵਾਰਿਸ ਪਸ਼ੂਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ 24 ਘੰਟੇ ਫ਼ਸਲ ਦੀ ਰਾਖੀ ਕਰਨੀ ਪੈ ਰਹੀ ਹੈ।

ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਵੇਂ ਕਿ ਲਾਵਾਰਿਸ ਪਸ਼ੂਆਂ ਦੀ ਸਾਂਭ-ਸੰਭਾਲ ਲਈ ਜ਼ਿਲ੍ਹਾ ਪੱਧਰੀ ਗਊਸ਼ਾਲਾ ਬਣਾਈ ਹੋਈ ਹੈ ਪਰ ਇਸ ਦੇ ਬਾਵਜੂਦ ਸੜਕਾਂ ਅਤੇ ਬਾਜ਼ਾਰਾਂ ’ਚ ਝੁੰਡ ਬਣਾ ਕੇ ਘੁੰਮਣ ਵਾਲੇ ਲਾਵਾਰਿਸ ਪਸ਼ੂਆਂ ਦੀ ਗਿਣਤੀ ’ਚ ਕੋਈ ਫ਼ਰਕ ਨਹੀਂ ਪਿਆ ਹੈ ਅਤੇ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਅਨਾਜ ਮੰਡੀ ’ਚ ਝੋਨੇ ਦੀ ਰਾਖੀ ’ਤੇ ਬੈਠੇ ਕਿਸਾਨ ਬੇਅੰਤ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਖੇਤਾਂ ਅਤੇ ਅਨਾਜ ਮੰਡੀਆਂ ’ਚ ਲਾਵਾਰਿਸ ਪਸ਼ੂਆਂ ਅਤੇ ਚੋਰਾਂ ਤੋਂ ਝੋਨੇ ਨੂੰ ਬਚਾਉਣ ਲਈ ਕਿਸਾਨਾਂ ਨੂੰ ਖੁਦ 24 ਘੰਟੇ ਰਾਖੀ ਕਰਨੀ ਪੈ ਰਹੀ ਹੈ। ਮਾਰਕੀਟ ਕਮੇਟੀ ਜਾਂ ਆੜ੍ਹਤੀਏ ਇਸ ਸਬੰਧੀ ਕੋਈ ਪ੍ਰਬੰਧ ਨਹੀਂ ਕਰਦੇ। ਲੋਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਅਤੇ ਸੰਗਤਪੁਰਾ ਦੇ ਵਸਨੀਕ ਡਾ. ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਪਿੰਡ ’ਚ ਲਾਵਾਰਿਸ ਪਸ਼ੂਆਂ ਸਣੇ ਨੀਲ ਗਾਵਾਂ ਦੀ ਹੇੜ ਸਬਜ਼ੀਆਂ ਅਤੇ ਹੋਰ ਫ਼ਸਲਾਂ ਪੂਰੀ ਤਰ੍ਹਾਂ ਖ਼ਰਾਬ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲਹਿਰਾਗਾਗਾ ਮੰਡੀ ’ਚੋਂ ਲਾਵਾਰਿਸ ਪਸ਼ੂਆਂ ਨੂੰ ਬਾਹਰ ਭਜਾ ਕੇ ਆਉਂਦੇ ਹਨ ਪਰ ਉਹ ਕੁਝ ਦੇਰ ਬਾਅਦ ਮੁੜ ਵਾਪਸ ਆ ਜਾਂਦੇ ਹਨ। ਮੰਡੀ ’ਚ ਝੋਨਾ ਲੈ ਕੇ ਆਏ ਕਿਸਾਨਾਂ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਜਿਣਸ ਨੂੰ ਲਾਵਾਰਿਸ ਪਸ਼ੂਆਂ ਤੋਂ ਬਚਾਉਣਾ ਆੜ੍ਹਤੀ ਤੇ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਕੁਝ ਵਰ੍ਹੇ ਪਹਿਲਾਂ ਮਾਰਕੀਟ ਕਮੇਟੀ ਪਸ਼ੂਆਂ ਨੂੰ ਮੰਡੀ ’ਚੋਂ ਬਾਹਰ ਕੱਢਣ ਲਈ ਬਾਕਾਇਦਾ ਇਕ ਕਰਮਚਾਰੀ ਦੀ ਨਿਯੁਕਤ ਕਰਦੀ ਸੀ ਪਰ ਹੁਣ ਕਿਸਾਨਾਂ ਨੂੰ ਹੀ ਇਹ ਡਿਊਟੀ ਨਿਭਾਉਣੀ ਪੈਂਦੀ ਹੈ। ਉਨ੍ਹਾਂ ਮੰਡੀਆਂ ’ਚੋਂ ਲਾਵਾਰਿਸ ਪਸ਼ੂਆਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਕਰਮਚਾਰੀ ਤਾਇਨਾਤ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਆਮ ਦਿਨਾਂ ’ਚ ਸ਼ਹਿਰ ਦੇ ਲੋਕ ਗਊਸ਼ਾਲਾ ਜਾ ਕੇ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਦੀ ਥਾਂ ਅਨਾਜ ਮੰਡੀ ਦੇ ਇੱਕ ਕੋਣੇ ’ਚ ਹਰਾ ਚਾਰਾ ਅਤੇ ਦਾਣਾ ਪਾਉਂਦੇ ਰਹਿੰਦੇ ਹਨ ਜਿਸ ਕਰਕੇ ਅਨਾਜ ਮੰਡੀ ਅੰਦਰ 70-80 ਲਾਵਾਰਿਸ ਪਸ਼ੂਆਂ, ਸਾਨ੍ਹਾਂ ਦੀ ਮਿੰਨੀ ਗਊਸ਼ਾਲਾ ਬਣੀ ਰਹਿੰਦੀ ਹੈ।

ਕੀ ਕਹਿੰਦੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ

ਲਹਿਰਾਗਾਗਾ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ ਨੇ ਕਿਹਾ ਕਿ ਪਹਿਲਾਂ ਮਾਰਕੀਟ ਕਮੇਟੀ ਵਿੱਚ ਪਸ਼ੂਆਂ ਨੂੰ ਮੰਡੀਆਂ ’ਚੋਂ ਬਾਹਰ ਕੱਢਣ ਲਈ ਇਕ ਵਿਸ਼ੇਸ਼ ਕਰਮਚਾਰੀ ਅਸਾਮੀ ਹੁੰਦੀ ਸੀ ਪਰ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਅਸਾਮੀ ਖ਼ਤਮ ਕਰ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All