ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੁਲਾਈ
ਐਸਟੀਐਫ ਸਪੈਸ਼ਲ ਟਾਸਕ ਫੋਰਸ ਸੰਗਰੂਰ ਤੇ ਥਾਣਾ ਪਾਤੜਾਂ ਦੇ ਸਾਂਝੇ ਅਪਰੇਸ਼ਨ ਦੌਰਾਨ 10 ਕੁਇੰਟਲ 40 ਕਿਲੋ ਭੁੱਕੀ ਡੋਡੇ ਪੋਸਤ ਸਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਐੱਸਟੀਐਫ਼ ਪਟਿਆਲਾ ਰੇਂਜ਼ ਦੇ ਡੀਐੱਸਪੀ ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਐੱਸਟੀਐਫ਼ ਯੂਨਿਟ ਸੰਗਰੂਰ ਦੀ ਇੰਚਾਰਜ ਥਾਣੇਦਾਰ ਕੁਲਜੀਤ ਕੌਰ ਦੀ ਹਦਾਇਤ ’ਤੇ ਐੱਸਟੀਐਫ਼ ਟੀਮ ਚੈਕਿੰਗ ਦੇ ਸਬੰਧ ’ਚ ਨੇੜੇ ਪੁਰਾਣਾ ਬੱਸ ਸਟੈਂਡ ਪਾਤਣਾਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਜੱਗਾ ਸਿੰਘ, ਜਗਤਾਰ ਸਿੰਘ ਉਰਫ ਮਾਨਾ, ਭਗਵਾਨ ਸਿੰਘ ਅਤੇ ਬੁੱਧ ਸਿੰਘ ਵਾਸੀਆਨ ਪਿੰਡ ਮੁਨਸ਼ੀਵਾਲਾ ਥਾਣਾ ਦਿੜਬਾ ਤੇ ਸਤਗੁਰ ਸਿੰਘ ਵਾਸੀ ਪਿੰਡ ਮਾਝੀ ਥਾਣਾ ਭਵਾਨੀਗੜ੍ਹ, ਤੱਖਾ ਸਿੰਘ ਵਾਸੀ ਪਿੰਡ ਜੌਲੀਆ ਥਾਣਾ ਭਵਾਨੀਗੜ੍ਹ ਆਪਸ ਵਿੱਚ ਰਲ ਕੇ ਭੁੱਕੀ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ। ਇਨ੍ਹਾਂ ਸਾਰੇ ਵਿਅਕਤੀਆ ਨੇ ਪੁੱਡਾ ਕਾਲੋਨੀ ਪਾਤੜਾਂ ’ਚ ਆਪਣੀ ਕੋਠੀ ਖਰੀਦ ਕੀਤੀ ਹੋਈ ਹੈ। ਜੋ ਇਨ੍ਹਾਂ ਸਾਰਿਆਂ ਨੇ ਆਪਣੀ ਇਸ ਕੋਠੀ ਵਿੱਚ ਭਾਰੀ ਮਾਤਰਾ ’ਚ ਬੋਰੀਆਂ ਵਿੱਚ ਭਰ ਕੇ ਸੁੱਕੇ ਡੋਡੇ ਪੋਸਤ ਰੱਖੇ ਹੋਏ ਹਨ। ਇਤਲਾਹ ’ਤੇ ਮੁੱਖ ਅਫਸਰ ਥਾਣਾ ਪਾਤੜਾਂ ਥਾਣੇਦਾਰ ਗੁਰਦੇਵ ਸਿੰਘ ਨੇ ਭਰਪੂਰ ਸਿੰਘ ਉਪ ਕਪਤਾਨ ਪੁਲੀਸ ਪਾਤੜਾਂ ਦੀ ਹਾਜ਼ਰੀ ’ਚ ਪੁੱਡਾ ਕਾਲੋਨੀ ਪਾਤੜਾਂ ਸਥਿਤ ਕੋਠੀ ਵਿੱਚੋਂ 10 ਕੁਇੰਟਲ 40 ਕਿਲੋ ਭੁੱਕੀ ਡੋਡੇ ਪੋਸਤ ਬਰਾਮਦ ਕਰਵਾ ਕੇ ਜੱਗਾ ਸਿੰਘ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ।