ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਮਈ
ਦਿੱਲੀ ‘ਚ ਇਨਸਾਫ਼ ਮੰਗ ਰਹੀਆਂ ਦੇਸ਼ ਦੀਆਂ ਪਹਿਲਵਾਨ ਧੀਆਂ ਦੀ ਆਵਾਜ਼ ਦਬਾਉਣ ਲਈ ਖਿੱਚ-ਧੂਹ ਕਰਦਿਆਂ ਬਦਸਲੂਕੀ ਨਾਲ ਹਿਰਾਸਤ ‘ਚ ਲੈਣ ਅਤੇ ਪੁਲੀਸ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਸਮਾਜ ਸੇਵੀਆਂ ਅਤੇ ਖਿਡਾਰੀਆਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫ਼ੂਕਿਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦਿੱਲੀ ਪੁਲੀਸ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਕਰਾਰ ਦਿੱਤਾ ਅਤੇ ਜਿਨਸ਼ੀ ਸ਼ੋਸ਼ਣ ਦੇ ਦੋਸ਼ ਹੇਠ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਅੱਜ ਸਮਾਜ ਸੇਵੀ ਸਤਿੰਦਰ ਸੈਣੀ ਦੀ ਅਗਵਾਈ ਹੇਠ ਸਮਾਜ ਸੇਵੀ ਜਥੇਬੰਦੀਆਂ ਦੇ ਕਾਰਕੁਨ ਅਤੇ ਖ਼ਿਡਾਰੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਪੁਤਲਾ ਲੈ ਕੇ ਡੀ.ਸੀ. ਦਫ਼ਤਰ ਅੱਗੇ ਪੁੱਜੇ ਜਿੱਥੇ ਪੁਤਲੇ ਨੂੰ ਫੂਕਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਿੰਦਰ ਸੈਣੀ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਅਤੇ ਖਿਡਾਰੀ ਸੰਜੇ ਕੁਮਾਰ ਨੇ ਕਿਹਾ ਕਿ ਦੇਸ਼ ਦੀਆਂ ਪਹਿਲਵਾਨ ਧੀਆਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਪਰ ਲਗਾਏ ਜਿਨਸ਼ੀ ਸ਼ੋਸ਼ਣ ਦੇ ਦੋਸ਼ ਅਤਿ ਗੰਭੀਰ ਹਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ। ਕੇਂਦਰ ਸਰਕਾਰ ਦੀ ਪੱਖਪਾਤੀ ਭੂਮਿਕਾ ਤੋਂ ਖਫ਼ਾ ਹੋ ਕੇ ਹੀ ਪਹਿਲਵਾਨ ਲੜਕੀਆਂ ਜੰਤਰ ਮੰਤਰ ਉੱਪਰ ਧਰਨੇ ‘ਤੇ ਬੈਠੀਆਂ ਇਨਸਾਫ਼ ਮੰਗ ਰਹੀਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚੋ ਪਹਿਲਵਾਨ ਲੜਕੀਆਂ ਨੂੰ ਹਮਾਇਤ ਮਿਲ ਰਹੀ ਸੀ ਜਿਸ ਤੋਂ ਕੇਂਦਰ ਸਰਕਾਰ ਬੁਖਲਾ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਆਪਣੇ ਸੰਸਦ ਮੈਂਬਰ ਬ੍ਰਿਜ਼ ਭੂਸ਼ਨ ਸ਼ਰਨ ਸਿੰਘ ਨੂੰ ਬਚਾਅ ਰਹੀ ਹੈ ਜਿਸਨੇ ਦੇਸ਼ ਦਾ ਅਕਸ ਵੀ ਦਾਅ ‘ਤੇ ਲਗਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤਾਨਾਸ਼ਾਹੀ ਵਾਲਾ ਵਤੀਰਾ ਛੱਡ ਕੇ ਦੇਸ਼ ਦੀਆਂ ਧੀਆਂ ਦੇ ਮਨ ਕੀ ਬਾਤ ਸੁਣੇ ਅਤੇ ਜਿਨਸ਼ੀ ਸੋਸ਼ਣ ਦੇ ਦੋਸ਼ਾਂ ਹੇਠ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਨੌਜਵਾਨ ਸਭਾ ਵੱਲੋਂ ਮਹਿਲਾ ਪਹਿਲਾਵਾਨਾਂ ਦੇ ਹੱਕ ‘ਚ ਮਾਰਚ
ਸਮਾਣਾ (ਨਿੱਜੀ ਪੱਤਰ ਪ੍ਰੇਰਕ): ਨੌਜਵਾਨ ਭਾਰਤ ਸਭਾ ਵੱਲੋਂ ਮਹਿਲਾ ਪਹਿਲਾਵਾਨਾਂ ਦੇ ਸੰਘਰਸ਼ ਦੀ ਹਮਾਇਤ ‘ਚ ਸਮਾਣਾ ਤਹਿਸੀਲ ਅੱਗੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਸਭਾ ਦੇ ਸੂਬਾ ਆਗੂ ਦਵਿੰਦਰ ਛਬੀਲਪੁਰ ਤੇ ਜ਼ਿਲ੍ਹਾ ਸਕੱਤਰ ਖੁਸਵੰਤ ਹਨੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਦਰ ਸਰਕਾਰ ਨੇ ਔਰਤ ਵਿਰੋਧੀ ਮਾਨਸਿਕਤਾ ਦਾ ਸਬੂਤ ਦਿੰਦਿਆਂ ਨਵੇਂ ਸੰਸਦ ਭਵਨ ਦੇ ਉਦਘਾਟਨ ਸਮੇਂ ਲੋਕਤੰਤਰੀ ਤਰੀਕੇ ਨਾਲ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਨੂੰ ਜਿਨਸੀ ਸੋਸ਼ਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੀਆਂ ਮਹਿਲਾਂ ਪਹਿਲਾਵਾਨਾ ਨੂੰ ਹਿਰਾਸਤ ਵਿੱਚ ਲਿਆ ਗਿਆ। ਆਗੂਆਂ ਨੇ ਮੰਗ ਕੀਤੀ ਕਿ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕੀਤਾ ਜਾਵੇ, ਉਸਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਖੇਡ ਗਰਾਊਂਡਾਂ ਅਤੇ ਕਿੱਟਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਆਗੂ ਮੰਗਾ ਸਮਾਣਾ, ਸੰਦੀਪ ਖੱਤਰੀ, ਗੁਰਦੀਪ ਆਜ਼ਾਦ ਤੇ ਹਰਪਾਲ ਸਮਾਣਾ ਤੋਂ ਇਲਾਵਾ ਪੀ ਐੱਸ ਯੂ ਤੋਂ ਨਿਸ਼ਾ, ਰੌਸ਼ਨੀ ਤੇ ਦੀਪਕ ਰੰਗਾਂ ਵੀ ਸ਼ਾਮਲ ਹੋਏ