ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 12 ਅਗਸਤ
ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਵਿਦਿਆਰਥੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ ਅਤੇ ਇਹ ਸਮਾਰਟ ਫੋਨ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਨ ਵਿਚ ਬਹੁਤ ਫਾਇਦੇਮੰਦ ਸਾਬਤ ਹੋਣਗੇ।
ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਚਲਦਿਆਂ ਭਾਵੇਂ ਸਕੂਲ ਬੰਦ ਹਨ ਪਰੰਤੂ ਪੰਜਾਬ ਸਰਕਾਰ ਵਲੋਂ ਬੱਚਿਆਂ ਦੀ ਪੜ੍ਹਾਈ ਚਾਲੂ ਰੱਖਣ ਲਈ ਆਨਲਾਈਨ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਵਧੇਰੇ ਕਾਰਗਰ ਸਾਬਤ ਹੋ ਰਹੀ ਹੈ।
ਸਮਾਰਟ ਫੋਨ ਮਿਲਣ ਨਾਲ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਸਰਕਾਰ ਸਿੱਖਿਆ ਦੇ ਖੇਤਰ ਵਿਚ ਹੋਰ ਵੀ ਕਦਮ ਚੁੱਕ ਰਹੀ ਹੈ। ਉਨ੍ਹਾਂ ਪਾਰਟੀ ਵਰਕਰਾਂ, ਯੂਥ ਕਾਂਗਰਸ ਅਤੇ ਐਨਆਈਐਸਯੂ ਦੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਸਾਸ਼ਨ ਅਤੇ ਵੱਖ-ਵੱਖ ਸਕੂਲਾਂ ਦੇ ਸਟਾਫ਼ ਨਾਲ ਸਹਿਯੋਗ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੇ ਕਾਰਜ ਨੂੰ ਨੇਪਰੇ ਚੜ੍ਹਾਉਣ।
ਇਸ ਮੌਕੇ ਐੱਸਡੀਐੱਮ ਮਨਜੀਤ ਕੌਰ, ਪ੍ਰਿੰਸੀਪਲ ਦਿਨੇਸ਼ ਕੁਮਾਰ , ਯੂਥ ਕਾਂਗਰਸ ਅਤੇ ਐੱਨ.ਐਸ.ਯੂ.ਆਈ. ਦੇ ਜ਼ਿਲ੍ਹਾ ਪ੍ਰਧਾਨਾਂ ਗੋਬਿੰਦਰ ਖੰਗੂੜਾ ਅਤੇ ਮਨਿੰਦਰ ਸਿੰਘ ਦੇ ਨਾਲ ਨਾਲ ਹਲਕਾ ਸੁਨਾਮ ਦੇ ਪ੍ਰਧਾਨ ਸਾਹਿਬਾਨ , ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਸੋਨੀ, ਜ਼ਿਲ੍ਹਾ ਇੰਡਸਟਰੀਜ਼ ਚੈਂਬਰ ਦੇ ਚੇਅਰਮੈਨ ਘਨਸ਼ਾਮ ਕਾਂਸਲ ਅਤੇ ਸੁਨਾਮ ਕਾਂਗਰਸ ਦੇ ਬਲਾਕ ਪ੍ਰਧਾਨ ਸੰਜੇ ਗੋਇਲ ਹਾਜ਼ਰ ਸਨ।