ਬੀਰਬਲ ਰਿਸ਼ੀ
ਸ਼ੇਰਪੁਰ, 30 ਸਤੰਬਰ
ਅਲਾਲ ਦੇ ਰੇਲਵੇ ਸਟੇਸ਼ਨ ’ਤੇ ਕਰੋਨਾ ਕਾਲ ਸਮੇਂ ਮੁਸਾਫ਼ਿਰ ਗੱਡੀਆਂ ਦਾ ਬੰਦ ਕੀਤਾ ਠਹਿਰਾਅ ਮੁੜ ਬਹਾਲ ਕਰਵਾਏ ਜਾਣ ਲਈ ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਨਾਅਰੇਬਾਜ਼ੀ ਕੀਤੀ। ਉਂਜ ਅਗਾਊਂ ਐਲਾਨ ਦੇ ਬਾਵਜੂਦ ਕਿਸਾਨਾਂ ਵੱਲੋਂ ਰੇਲਵੇ ਟਰੇਕ ’ਤੇ ਬੈਠਣ ਦਾ ਫੈਸਲਾ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਕਮੇਟੀ ਨਾਲ ਮਸ਼ਵਰੇ ਮਗਰੋਂ ਮੌਕੇ ’ਤੇ ਮੁਲਤਵੀ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਦੇ ਏਡੀਆਰਐਮ ਅਤੇ ਐਸਡੀਐਮ ਵੱਲੋਂ ਲੰਘੀ 13 ਸਤੰਬਰ ਨੂੰ ਮੰਗਾਂ ਲਈ ਟਰੈਕ ’ਤੇ ਬੈਠੇ ਕਿਸਾਨਾਂ ਨੂੰ ਇਹ ਕਹਿ ਕੇ ਉਠਾਇਆ ਗਿਆ ਸੀ ਕਿ 1 ਅਕਤੂਬਰ ਤੋਂ ਮੁਸਾਫਿਰ ਗੱਡੀਆਂ ਦਾ ਠਹਿਰਾਅ ਹਰ ਹਾਲਤ ’ਚ ਬਹਾਲ ਕਰ ਦਿੱਤਾ ਜਾਵੇਗਾ। ਆਗੂ ਬਾਬੂ ਸਿੰਘ ਮੂਲੋਵਾਲ ਨੇ ਪਿਛਲੇ ਦਿਨੀਂ ਰੇਲਵੇ ਵਿਭਾਗ ਦੀ ਵਾਅਦਾਖਿਲਾਫ਼ੀ ਵਿਰੁੱਧ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ ਜਦੋਂ ਕਿ ਦੂਜੇ ਪਾਸੇ ਉਸੇ ਦਿਨ ਚੋਣਵੇਂ ਪੱਤਰਕਾਰਾਂ ਕੋਲ ਬਲਾਕ ਪ੍ਰੈਸ ਸਕੱਤਰ ਮਨਜੀਤ ਜਹਾਂਗੀਰ ਨੇ ਇਸ ਮਾਮਲੇ ਵਿੱਚ ਬਲਾਕ ਕਮੇਟੀ ਨੂੰ ਭਰੋਸੇ ਵਿੱਚ ਨਾ ਲਏ ਹੋਣ ਦਾ ਖੁਲਾਸਾ ਕੀਤਾ ਸੀ।
ਅੱਜ ਦੇ ਰੇਲ ਰੋਕੋ ਪ੍ਰੋਗਰਾਮ ਦੇ ਮੱਦੇਨਜ਼ਰ ਰੇਲਵੇ ਪੁਲੀਸ ਤੋਂ ਇਲਾਵਾ ਰਣੀਕੇ ਚੌਕੀ ਦੀ ਪੁਲੀਸ ਦੇ ਪੁੱਜੀ ਹੋਈ ਸੀ ਪਰ ਮੌਕੇ ’ਤੇ ਬਲਾਕ ਕਮੇਟੀ ਦੇ ਆਗੂਆਂ ਨੇ ਬਜ਼ੁਰਗ ਆਗੂ ਮੂਲੋਵਾਲ ਨੂੰ ਇਸ ਗੱਲ ’ਤੇ ਮਨਾ ਲਿਆ ਕਿ ਜਥੇਬੰਦੀ ਜ਼ਿਲ੍ਹਾ ਕਮੇਟੀ ਵਿੱਚ ਰਾਇ ਮਸ਼ਵਰੇ ਮਗਰੋਂ ਪੂਰੀ ਤਿਅਰੀ ਨਾਲ ਰੇਲਵੇ ਟਰੇਕ ’ਤੇ ਬੈਠੇਗੀ। ਕਿਸਾਨ ਆਗੂ ਬਾਬੂ ਸਿੰਘ ਮੂਲੋਵਾਲ ਨੇ ਸੰਪਰਕ ਕਰਨ ’ਤੇ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ।