ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਸਤੰਬਰ
ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਦੀ ਲੰਬੇ ਸਮੇਂ ਤੋਂ ਬਣੀ ਪਈ ਖਸਤਾ ਹਾਲਤ ਦੇ ਰੋਸ ਵਜੋਂ ਅੱਜ ਬਾਲਦ ਕੈਂਚੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪ੍ਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਦੁਕਾਨਦਾਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਕਾਲੀ ਆਗੂ ਪ੍ਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਦੀ ਮੁਰੰਮਤ ਨਾ ਹੋਣ ਕਾਰਨ ਇਹ ਸੜਕ ਥਾਂ ਥਾਂ ਤੋਂ ਟੁੱਟੀ ਪਈ ਹੈ। ਇਸ ਸੜਕ ’ਤੇ ਬਾਲਦ ਕੈਂਚੀਆਂ ’ਚ ਸੈਂਕੜੇ ਦੁਕਾਨਦਾਰਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਲੋਕਾਂ ਵੱਲੋਂ ਲਗਾਤਾਰ ਸੜਕ ਦੀ ਮੁਰੰਮਤ ਕਰਨ ਲਈ ਅਵਾਜ਼ ਬੁਲੰਦ ਕੀਤੀ ਗਈ,ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਵਾਉਣ ਲਈ ਉਹ 3 ਅਕਤੂਬਰ ਨੂੰ ਹਲਕਾ ਵਿਧਾਇਕ ਸੰਗਰੂਰ ਦੀ ਰਿਹਾਇਸ਼ ਅੱਗੇ ਧਰਨਾ ਦੇਣਗੇ। ਇਸੇ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਲਈ 29 ਸਤੰਬਰ ਨੂੰ ਟੈਂਡਰ ਭਰੇ ਗਏ ਹਨ ਅਤੇ 10 ਦਿਨਾਂ ਅੰਦਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ।