ਸਕਰੌਦੀ ਦਾ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ
ਇੱਕ ਪਿੰਡ ਓਪਨ ਵਿੱਚ ਕੁੱਪ ਖੁਰਦ ਤੇ 65 ਕਿੱਲੋ ਵਿੱਚ ਸ਼ੇਰੋਂ ਦੀ ਟੀਮ ਜੇਤੂ
ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਸਕਰੌਦੀ ਵੱਲੋਂ ਗ੍ਰਾਮ ਪੰਚਾਇਤ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਐਥਲੈਟਿਕ ਮੀਟ ਅਤੇ ਕਬੱਡੀ ਕੱਪ ਕਰਵਾਇਆ ਗਿਆ। ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਕਲੱਬ ਦੇ ਪ੍ਰਧਾਨ ਜਸਕਰਨ ਸਿੰਘ ਅਤੇ ਖਜ਼ਾਨਚੀ ਹਰਦੀਪ ਸਿੰਘ ਨੇ ਦੱਸਿਆ ਕਿ ਕਬੱਡੀ ਕੱਪ ਦੇ ਇੱਕ ਪਿੰਡ ਓਪਨ ਵਿੱਚ ਕੁੱਪ ਖੁਰਦ ਦੀ ਟੀਮ ਨੇ ਜੇਤੂ ਅਤੇ ਕਪਿਆਲ ਦੀ ਟੀਮ ਉਪ ਜੇਤੂ ਰਹੀ। ਇਸੇ ਤਰ੍ਹਾਂ 65 ਕਿੱਲੋ ਭਾਰ ਵਰਗ ਵਿੱਚ ਸ਼ੇਰੋਂ ਨੇ ਪਹਿਲਾ ਅਤੇ ਧਾਂਦਰਾ ਦੀ ਟੀਮ ਨੇ ਦੂਜਾ, 48 ਕਿੱਲੋ ਵਿੱਚ ਮੀਮਸਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕੁੜੀਆਂ ਦੇ 48 ਕਿੱਲੋ ਮੁਕਾਬਲੇ ਵਿੱਚ ਪਿੰਡ ਸ਼ਹਿਣਾ ਦੀ ਟੀਮ ਨੇ ਪਹਿਲਾ ਅਤੇ ਕੰਧਾਰਗੜ੍ਹ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਵਿੱਚ ਦੀਪ ਬਡਰੁੱਖਾਂ ਬੈਸਟ ਰੇਡਰ ਅਤੇ ਦਿਲਬਰ ਕੁੱਪ ਬੈਸਟ ਜਾਫੀ ਐਲਾਨੇ ਗਏ। ਇਸ ਤੋਂ ਇਲਾਵਾ ਸੱਤ ਤੋਂ 30 ਸਾਲ ਉਮਰ ਵਰਗ ਦੇ ਮੁੰਡੇ ਤੇ ਕੁੜੀਆਂ ਦੀ ਅਥਲੈਟਿਕ ਮੀਟ ਕਰਵਾਈ ਗਈ ਅਤੇ ਜੇਤੂਆਂ ਨੂੰ ਦਿਲਖਿੱਚਵੇਂ ਇਨਾਮ ਦਿੱਤੇ ਗਏ। ਇਸ ਮੌਕੇ ਸੁਖਮਨਜੀਤ ਸਿੰਘ ਘੁੰਮਣ, ਜਸਪਾਲ ਸਿੰਘ ਜੱਸੀ ਡੀ ਜੀ ਐੱਮ ਕੋਆਪਰੇਟਿਵ ਬੈਂਕ, ਏ ਡੀ ਸੀ ਸੁਰਿੰਦਰ ਸਿੰਘ ਢਿੱਲੋਂ, ਅਦਾਕਾਰ ਗੈਵੀ ਚਹਿਲ, ਰਮਨਦੀਪ ਸਿੰਘ ਭੰਗੂ ਐੱਸ ਪੀ, ਪਰਵਿੰਦਰ ਸਿੰਘ ਗਰੇਵਾਲ ਬਲਾਕ ਸਮਿਤੀ ਮੈਂਬਰ, ਦਲਜੀਤ ਸਿੰਘ ਘਰਾਚੋਂ ਸਰਪੰਚ, ਜਗਰਾਜ ਸਿੰਘ ਸਰਪੰਚ ਆਦਿ ਹਾਜ਼ਰ ਸਨ।

