ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਕਤੂਬਰ
ਭਾਕਿਯੂ (ਏਕਤਾ- ਉਗਰਾਹਾਂ) ਦੇ ਝੰਡੇ ਹੇਠ ਮ੍ਰਿਤਕ ਕਿਸਾਨ ਮੇਘ ਰਾਜ ਨਾਗਰੀ ਦੇ ਪੀੜ੍ਹਤ ਪਰਿਵਾਰ ਨੂੰ ਦਸ ਲੱਖ ਮੁਆਵਜ਼ਾ, ਇੱਕ ਜੀਅ ਨੂੰ ਨੌਕਰੀ ਅਤੇ ਕਰਜ਼ਾ ਮੁਆਫ਼ ਕਰਾਉਣ ਦੀ ਮੰਗ ਨੂੰ ਲੈ ਕੇ ਵੱਡੀ ਤਾਦਾਦ ’ਚ ਕਿਸਾਨ ਡੀਸੀ ਕੰਪਲੈਕਸ ਦੇ ਤਿੰਨੋਂ ਗੇਟਾਂ ਅੱਗੇ ਦਿਨ-ਰਾਤ ਦੇ ਪੱਕੇ ਮੋਰਚੇ ’ਤੇ ਡਟ ਗਏ ਹਨ। ਘਿਰਾਓ ਦੇ ਤੀਜੇ ਦਿਨ ਕਿਸਾਨਾਂ ਨੇ ਮੰਗਾਂ ਮੰਨਵਾਉਣ ਤੱਕ ਮੋਰਚੇ ’ਤੇ ਡਟੇ ਰਹਿਣ ਦਾ ਐਲਾਨ ਕੀਤਾ ਹੈ। ਭਾਵੇਂ ਕਿਸਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਦਰ ’ਤੇ ਬੈਠੇ ਹਨ ਪਰੰਤੂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਟੇਕ ਪੰਜਾਬ ਸਰਕਾਰ ਵਲੋਂ ਮੰਗਾਂ ਸਬੰਧੀ ਆਉਣ ਵਾਲੇ ਹੁਕਮਾਂ ’ਤੇ ਟਿਕਾ ਰੱਖੀ ਹੈ। ਅੱਜ ਲਗਾਤਾਰ ਤੀਜੇ ਦਿਨ ਡੀਸੀ ਕੰਪਲੈਕਸ ਦੇ ਤਿੰਨੋਂ ਮੁੱਖ ਗੇਟਾਂ ਉਪਰ ਕਿਸਾਨਾਂ ਦੀ ਮੋਰਚਾਬੰਦੀ ਜਾਰੀ ਰਹੀ। ਕੰਪਲੈਕਸ ਦੇ ਮੁੱਖ ਗੇਟ ਵਾਲੀ ਸੜਕ ’ਤੇ ਕਿਸਾਨ ਬੀਬੀਆਂ ਦੇ ਡਟੇ ਹੋਣ ਕਾਰਨ ਆਵਾਜਾਈ ਠੱਪ ਹੈ ਜਦੋਂ ਕਿ ਨਗਰ ਕੌਂਸਲ ਦਫ਼ਤਰ ਵਾਲੇ ਪਾਸੇ ਅਤੇ ਬਜ਼ਾਰ ਵਾਲੇ ਪਾਸੇ ਦੋਵੇਂ ਗੇਟਾਂ ਉਪਰ ਕਿਸਾਨ ਡਟੇ ਹੋਏ ਹਨ। ਅੱਜ ਤਿੰਨੋਂ ਥਾਵਾਂ ’ਤੇ ਰੋਸ ਧਰਨੇ ਜਾਰੀ ਰਹੇ।