Shiromani Akali Dal Waris Punjab ਨੇ ਜ਼ਿਲ੍ਹਾ ਪ੍ਰਧਾਨ ਮੁਅੱਤਲ ਕੀਤਾ
ਪਾਰਟੀ ਦੇ ਉਲਟ ਗਤੀਵਿਧੀਆਂ ਕਰਨ ਦੇ ਦੋਸ਼ ਲਾਏ
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਜ਼ਿਲ੍ਹਾ ਜਥੇਬੰਦੀ ਵਿੱਚ ਵੱਡੀ ਫੁੱਟ ਪੈ ਗਈ ਹੈ| ਹਾਈਕਮਾਂਡ ਵੱਲੋਂ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਸਵਿੰਦਰ ਸਿੰਘ ਡਰੋਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਪਾਰਟੀ ਦੀਆਂ ਸਮੂਹ ਜ਼ਿੰਮੇਵਾਰੀਆਂ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ| ਇਸ ਮਗਰੋਂ ਪਾਰਟੀ ਦਾ ਇੱਕ ਗੁੱਟ ਸ੍ਰੀ ਡਰੋਲੀ ਨਾਲ ਖੜ੍ਹ ਗਿਆ ਹੈ ਜਦੋਂਕਿ ਕੁਝ ਆਗੂ ਪਾਰਟੀ ਹਾਈਕਮਾਂਡ ਦੇ ਫ਼ੈਸਲੇ ’ਤੇ ਹਾਮੀ ਭਰਨ ਲੱਗੇ ਹਨ| ਸਹਾਇਕ ਦਫ਼ਤਰ ਸਕੱਤਰ ਜਤਿੰਦਰ ਸਿੰਘ ਮਹਿਤਾ ਵੱਲੋਂ ਜਾਰੀ ਫ਼ੈਸਲੇ ਵਿੱਚ ਸ੍ਰੀ ਡਰੋਲੀ ਸਣੇ ਚਾਰ ਹੋਰ ਆਗੂਆਂ ’ਤੇ ਪਾਰਟੀ ਦੇ ਉਲਟ ਗਤੀਵਿਧੀਆਂ ਕਰਨ ਦੇ ਦੋਸ਼ ਲਾਏ ਗਏ ਹਨ|
ਦੱਸਣਯੋਗ ਹੈ ਕਿ ਡਰੋਲੀ ਪਾਰਟੀ ਦੀ ਹੋਂਦ ਵੇਲੇ ਤੋਂ ਪਾਰਟੀ ਲੀਡਰਸ਼ਿਪ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਸਨ। ਪਿਛਲੇ ਸਮੇਂ ਤੋਂ ਪਾਰਟੀ ਦੀ ਜ਼ਿਲ੍ਹਾ ਦਿਹਾਤੀ ਪਟਿਆਲਾ ਦੀ ਵਾਂਗਡੋਰ ਬਤੌਰ ਪ੍ਰਧਾਨ ਸੰਭਾਲ ਰਹੇ ਸਨ| ਸ੍ਰੀ ਡਰੋਲੀ ਸਮਾਣਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਸੰਭਾਵੀ ਉਮੀਦਵਾਰ ਮੰਨੇ ਜਾ ਰਹੇ ਸਨ ਪਰ ਹੁਣ ਕਹਾਣੀ ਨੇ ਨਵਾਂ ਮੋੜ ਕੱਟ ਲਿਆ ਹੈ ਜਦੋਂ ਸ੍ਰੀ ਡਰੋਲੀ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ|
ਇੱਕ ਜ਼ਿਲ੍ਹਾ ਆਗੂ ਨੇ ਕਿਹਾ ਕਿ ਅਸਲ ਵਿੱਚ ਪਟਿਆਲਾ ਸਣੇ ਪੰਜਾਬ ਦੀਆਂ ਸਾਰੀਆਂ ਹੀ ਜ਼ਿਲ੍ਹਾ ਜਥੇਬੰਦਕ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਸਨ ਪਰ ਡਰੋਲੀ ਤੋਂ ਇਲਾਵਾ ਚਾਰ ਹੋਰ ਆਗੂਆਂ ਨੇ ਪਾਰਟੀ ਦੇ ਅਜਿਹੇ ਫ਼ੈਸਲੇ ’ਤੇ ਵੱਡੇ ਸੁਆਲ ਖੜ੍ਹੇ ਕਰਨ ਮਗਰੋਂ ਪਾਰਟੀ ਨੂੰ ਅਗਲਾ ਤਿੱਖਾ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ|
ਇਸ ਸਬੰਧੀ ਜਦੋਂ ਜਸਵਿੰਦਰ ਸਿੰਘ ਡਰੋਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਉਨ੍ਹਾਂ ਦਾ ਕੋਈ ਪੱਖ ਸੁਣੇ ਤੋਂ ਬਿਨਾਂ ਲਿਆ ਗਿਆ ਹੈ| ਉਨ੍ਹਾਂ ਆਖਿਆ ਕਿ ਉਹ ਟਕਸਾਲੀ ਚਿਹਰੇ ਵਜੋਂ ਇਮਾਨਦਾਰੀ ਨਾਲ ਪਾਰਟੀ ਪ੍ਰਤੀ ਸਮਰਪਿਤ ਸਨ, ਪਰ ਕੁਝ ਲੋਕਾਂ ਨੂੰ ਅਜਿਹਾ ਪਸੰਦ ਨਹੀਂ ਸੀ। ਸ੍ਰੀ ਡਰੋਲੀ ਨੇ ਆਖਿਆ ਕਿ ਉਹ ਮਾਹੌਲ ਨੂੰ ਵਾਚਣ ਮਗਰੋਂ ਹੀ ਕੋਈ ਅਗਲਾ ਕਦਮ ਚੁੱਕਣਗੇ|

