ਸ਼ਗਨਪ੍ਰੀਤ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਲਹਿਰਾਗਾਗਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿੱਚ ਕਰਵਾਈ 29ਵੀਂ ਨੈਸ਼ਨਲ ਸੈਪਕਟਾਕਰਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੀ ਵਿਦਿਆਰਥਣ ਸ਼ਗਨਪ੍ਰੀਤ ਕੌਰ ਗੋਬਿੰਦਪੁਰਾ ਜਵਾਹਰਵਾਲਾ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਸ਼ਗਨਪ੍ਰੀਤ ਕੌਰ ਕਬੱਡੀ ਵਿੱਚ ਵੀ ਕੌਮੀ ਪੱਧਰ ’ਤੇ...
ਲਹਿਰਾਗਾਗਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿੱਚ ਕਰਵਾਈ 29ਵੀਂ ਨੈਸ਼ਨਲ ਸੈਪਕਟਾਕਰਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੀ ਵਿਦਿਆਰਥਣ ਸ਼ਗਨਪ੍ਰੀਤ ਕੌਰ ਗੋਬਿੰਦਪੁਰਾ ਜਵਾਹਰਵਾਲਾ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਸ਼ਗਨਪ੍ਰੀਤ ਕੌਰ ਕਬੱਡੀ ਵਿੱਚ ਵੀ ਕੌਮੀ ਪੱਧਰ ’ਤੇ ਖੇਡ ਚੁੱਕੀ ਹੈ। ਕੋਚ ਸੁਭਾਸ਼ ਚੰਦ ਮਿੱਤਲ ਦੀ ਅਗਵਾਈ ਹੇਠ ਭਾਗ ਲੈਂਦਿਆਂ ਉਸਨੇ ਇਹ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਅਵਨੀਤ ਕੌਰ ਰਾਮਪੁਰਾ ਜਵਾਹਰਵਾਲਾ ਅਤੇ ਗੁਰਜੋਤ ਸਿੰਘ ਗਾਗਾ ਨੇ ਵੀ ਪੰਜਾਬ ਟੀਮ ਵੱਲੋਂ ਭਾਗ ਲਿਆ। ਸਕੂਲ ਪਹੁੰਚਣ ’ਤੇ ਸ਼ਗਨਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਪ੍ਰਿੰਸੀਪਲ ਫਲੈਵੀ ਡੇਵਿਡ, ਖੇਡ ਇੰਚਾਰਜ ਨਰੇਸ਼ ਚੌਧਰੀ ਅਤੇ ਰਣਦੀਪ ਸੰਗਤਪੁਰਾ ਮੌਜੂਦ ਸਨ। -ਪੱਤਰ ਪ੍ਰੇਰਕ
ਪੰਜਾਬ ਦੀ ਹੈਂਡਬਾਲ ਟੀਮ ਵਿੱਚ ਜ਼ੀਨਤ ਦੀ ਚੋਣ
ਦੇਵੀਗੜ੍ਹ: ਗੁਜਰਾਤ ਦੇ ਸੋਮਨਾਥ ਵਿੱਚ ਕੌਮੀ ਹੈਂਡਬਾਲ ਟੂਰਨਾਮੈਂਟ ਵਿੱਚ ਪੰਜਾਬ ਹੈਂਡਬਾਲ ਟੀਮ ਦੀ ਨੁਮਾਇੰਦਗੀ ਕਰਦਿਆਂ ਟੈਗੋਰ ਇੰਟਰਨੈਸ਼ਨਲ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਜ਼ੀਨਤ ਦੀ ਚੋਣ ਹੋਣਾ ਸਕੂਲ ਲਈ ਬੜੀ ਮਾਣ ਅਤੇ ਖੁਸ਼ੀ ਦੀ ਗੱਲ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਜ਼ੀਨਤ ਨੂੰ ਵਧਾਈਆਂ ਦਿੱਤੀਆਂ। ਸਕੂਲ ਮੈਨੇਜਮੈਂਟ ਵੱਲੋਂ ਜ਼ੀਨਤ ਦੇ ਕੋਚ ਲਤੀਫ ਮੁਹੰਮਦ, ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵੀ ਇਸ ਉਪਲਬਧੀ ਲਈ ਵਧਾਈ ਦਿੱਤੀ। -ਪੱਤਰ ਪ੍ਰੇਰਕ
ਗੁਰਪ੍ਰੀਤ ਲਿੱਟ ਬਲਾਕ ਕੋਆਰਡੀਨੇਟਰ ਨਿਯੁਕਤ
ਲਹਿਰਾਗਾਗਾ: ਆਮ ਆਦਮੀ ਪਾਰਟੀ ਨੇ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸ ਕੜੀ ਤਹਿਤ ਪਾਰਟੀ ਨੇ ਥਾਣਾ ਲਹਿਰਾਗਾਗਾ ਦੇ ਪਿੰਡ ਫਲੇੜਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਲਿੱਟ ਨੂੰ ਹਲਕਾ ਦਿੜ੍ਹਬਾ ਵਿੱਚ ਬਲਾਕ ਪੱਧਰ ’ਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਲਿੱਟ ਬਹੁਤ ਮਿਹਨਤੀ ਹਨ, ਜੋ ਸੋਸ਼ਲ ਮੀਡੀਆ ਰਾਹੀਂ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸੋਸ਼ਲ ਮੀਡੀਆ ਬਲਾਕ ਕੋਆਰਡੀਨੇਟਰ ਗੁਰਪ੍ਰੀਤ ਲਿੱਟ ਨੇ ਇਸ ਨਿਯੁਕਤੀ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਓ ਐੱਸ ਡੀ ਤਪਿੰਦਰ ਸਿੰਘ ਸੋਹੀ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਸੋਚ ਨੂੰ ਹਰ ਵਰਗ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। -ਪੱਤਰ ਪ੍ਰੇਰਕ
ਵਿਵੇਕ ਗਰਗ ਪੰਜਵੀਂ ਵਾਰ ਪ੍ਰਧਾਨ ਬਣੇ
ਧੂਰੀ: ਧੂਰੀ ਮਹਾਵੀਰ ਸੇਵਾ ਦਲ ਦੀ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਸਬੰਧੀ ਚਰਚਾ ਕਰਦਿਆਂ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਵਿਵੇਕ ਗਰਗ ਨੂੰ ਲਗਾਤਾਰ ਪੰਜਵੀਂ ਵਾਰ ਧੂਰੀ ਮਹਾਵੀਰ ਸੇਵਾ ਦਲ ਦਾ ਪ੍ਰਧਾਨ ਚੁਣਿਆ ਗਿਆ। ਵਿਵੇਕ ਗਰਗ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਰਹਿਣਗੇ ਅਤੇ ਸੇਵਾ ਦਲ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਕਮੇਟੀ ਵਿੱਚ ਰਮੇਸ਼ ਸੁਨਾਰੀਆ ਬਿੱਲੂ ਨੂੰ ਮੀਤ ਪ੍ਰਧਾਨ, ਸਤਨਾਮ ਸਿੰਘ ਨੂੰ ਸਕੱਤਰ, ਬਲਵਿੰਦਰ ਕੁਮਾਰ ਨੂੰ ਕੈਪਟਨ ਅਤੇ ਮਨੋਜ ਸ਼ਰਮਾ (ਮੋਨੂੰ) ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਨਵੀਂ ਚੁਣੀ ਕਮੇਟੀ ਨੂੰ ਸਾਰੇ ਮੈਂਬਰਾਂ ਵੱਲੋਂ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਪ੍ਰਿੰਸ ਗੋਇਲ, ਜਤਿੰਦਰ ਕੁਮਾਰ ਦਾਰਾ, ਹਰਸ਼ ਧੀਮਾਨ, ਅਜੈ ਕੁਮਾਰ, ਸੁਰਿੰਦਰ ਤਿਵਾਰੀਆ, ਰੋਹਿਤ ਸ਼ਰਮਾ, ਬਲਦੇਵ ਕ੍ਰਿਸ਼ਨ ਸਮੇਤ ਹੋਰ ਕਈ ਸੇਵਾ ਦਲ ਦੇ ਮੈਂਬਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਨਬੀਨ ਦਾ ਭਾਜਪਾ ਪ੍ਰਧਾਨ ਬਣਨਾ ਸ਼ੁੱਭ ਸੰਕੇਤ: ਹਰਪਾਲਪੁਰ
ਰਾਜਪੁਰਾ/ਪਟਿਆਲਾ: ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਘਨੌਰ ਤੋਂ ਨੌਜਵਾਨ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਜੋਂ ਨਿਤਿਨ ਨਬੀਨ ਦਾ ਚੁਣਿਆ ਜਾਣਾ ਸਿੱਖ ਕੌਮ ਲਈ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਬੀਨ ਸ੍ਰੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਦੇ ਜੰਮਪਲ ਹਨ, ਜੋ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਹੈ ਅਤੇ ਸਿੱਖ ਇਤਿਹਾਸ ਵਿੱਚ ਇਸ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਬਣਨ ਤੋਂ ਬਾਅਦ ਸ੍ਰੀ ਨਬੀਨ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣਾ ਉਨ੍ਹਾਂ ਦੀ ਸਿੱਖ ਕੌਮ ਪ੍ਰਤੀ ਸ਼ਰਧਾ ਨੂੰ ਦਰਸਾਉਂਦਾ ਹੈ। ਸ੍ਰੀ ਹਰਪਾਲਪੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਸਿੱਖ ਕੌਮ ਨਾਲ ਸਬੰਧਤ ਕਈ ਲਟਕਦੇ ਮਸਲੇ ਹੱਲ ਕੀਤੇ ਹਨ, ਜਿਵੇਂ ਕਰਤਾਰਪੁਰ ਲਾਂਘਾ ਖੋਲ੍ਹਣਾ, ਲੰਗਰ ’ਤੇ ਟੈਕਸ ਮੁਆਫ਼ੀ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਕੌਮੀ ਪੱਧਰ ’ਤੇ ਮਨਾਉਣਾ ਸ਼ਾਮਲ ਹਨ। -ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਸੋਢੀ ਨੇ ਨਿਤਿਨ ਨਬੀਨ ਨੂੰ ਵਧਾਈ ਦਿੱਤੀ
ਪਟਿਆਲਾ: ਨਿਤਿਨ ਨਬੀਨ ਦੇ ਭਾਜਪਾ ਦਾ ਕੌਮੀ ਪ੍ਰਧਾਨ ਬਣਨ ’ਤੇ ਤਸੱਲੀ ਪ੍ਰਗਟ ਕਰਦਿਆਂ ਭਾਜਪਾ ਦੇ ਸੂਬਾਈ ਆਗੂ ਸਿਮਰਨਜੀਤ ਸਿੰਘ ਸੋਢੀ ਨੇ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਅੰਦਰ ਭਾਜਪਾ ਦਾ ਘੇਰਾ ਵਿਸ਼ਾਲ ਵਧਦਾ ਜਾ ਰਿਹਾ ਹੈ। ਸਿਮਰਨਜੀਤ ਸੋਢੀ ਨੇ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਥੇਬੰਦਕ ਮੁਹਾਰਤ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਦੇ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਤੋਂ ਵੀ ਵੱਧ ਹੈ ਜਦਕਿ ਹਰਿਆਣੇ ਦੇ ਸਿਰ ਕੋਈ ਕਰਜ਼ਾ ਨਹੀਂ; ਇਹੀ ਕਾਰਨ ਹੈ ਕਿ ਅੱਜ ਪੰਜਾਬ ਦਾ ਕਿਸਾਨ, ਕਾਰੋਬਾਰੀ ਅਤੇ ਨੌਜਵਾਨ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਰਿਹਾ ਹੈ। -ਖੇਤਰੀ ਪ੍ਰਤੀਨਿਧ
ਨਤੀਜਾ ਸ਼ਾਨਦਾਰ ਰਿਹਾ
ਲਹਿਰਾਗਾਗਾ: ਇਥੇ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਲੇਹਲ ਖੁਰਦ ਦਾ ਬੀ ਏ ਬੀ ਐਡ ਦੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਗਰਗ ਨੇ ਸਮੂਹ ਸਟਾਫ ਅਤੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੀਮਾ ਗਰਗ ਨੇ ਕਿਹਾ ਕਿ ਵਿਦਿਆਰਥੀ ਸਖਤ ਮਿਹਨਤ ਕਰਕੇ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦੇ ਹਨ। ਇਸ ਨਤੀਜੇ ਵਿੱਚ ਮਨਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 77 ਫ਼ੀਸਦ ਅੰਕ, ਪ੍ਰਿਯੰਕਾ ਰਾਣੀ ਪੁੱਤਰੀ ਸ਼ੀਸ਼ਪਾਲ ਸਿੰਘ ਨੇ 76.83 ਫ਼ੀਸਦ ਅਤੇ ਅਰਸ਼ਦੀਪ ਕੌਰ ਪੁੱਤਰੀ ਸੁਖਪਾਲ ਸਿੰਘ ਨੇ 75.84 ਫ਼ੀਸਦ ਅੰਕ ਪ੍ਰਾਪਤ ਕੀਤੇ। -ਪੱਤਰ ਪ੍ਰੇਰਕ

