ਧੁੰਦ ਕਾਰਨ ਕਈ ਵਾਹਨ ਟਕਰਾਏ; ਇੱਕ ਮੌਤ
ਇੱਥੇ ਧੁੰਦ ਕਾਰਨ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ-7 ’ਤੇ ਉੱਭਾਵਾਲ ਲਿੰਕ ਰੋਡ ਦੇ ਨਜ਼ਦੀਕ ਲਗਪਗ ਇੱਕ ਦਰਜਨ ਵਾਹਨ ਆਪਸ ਵਿੱਚ ਟਕਰਾਅ ਗਏ। ਇਸ ਦੌਰਾਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਔਰਤਾਂ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ।...
ਇੱਥੇ ਧੁੰਦ ਕਾਰਨ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ-7 ’ਤੇ ਉੱਭਾਵਾਲ ਲਿੰਕ ਰੋਡ ਦੇ ਨਜ਼ਦੀਕ ਲਗਪਗ ਇੱਕ ਦਰਜਨ ਵਾਹਨ ਆਪਸ ਵਿੱਚ ਟਕਰਾਅ ਗਏ। ਇਸ ਦੌਰਾਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਔਰਤਾਂ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਛੇ ਵਜੇ ਤੋਂ ਬਾਅਦ ਸੰਘਣੀ ਧੁੰਦ ਪੈ ਰਹੀ ਸੀ। ਇਸ ਦੌਰਾਨ ਕੌਮੀ ਮਾਰਗ-7 ਕਿਨਾਰੇ ਇੱਕ ਗੱਡੀ ਖੜ੍ਹੀ ਸੀ ਜੋ ਕਿ ਧੁੰਦ ਕਾਰਨ ਨਜ਼ਰ ਨਾ ਆਉਣ ਕਾਰਨ ਪਟਿਆਲਾ ਤੋਂ ਬਠਿੰਡਾ ਜਾ ਰਹੇ ਤੇਜ਼ ਰਫ਼ਤਾਰ ਵਾਹਨ ਪਿੱਛੋਂ ਇੱਕ ਦੂਜੇ ਵਿਚ ਟਕਰਾਅ ਗਏ। ਇਸ ਮੌਕੇ ਹੀ ਬਠਿੰਡਾ ਤੋਂ ਪਟਿਆਲਾ ਜਾ ਰਹੇ ਇੱਕ ਵਾਹਨ ਚਾਲਕ ਨੇ ਇਹ ਹਾਦਸਾ ਵੇਖਣ ਲਈ ਜਿਉਂ ਹੀ ਰਫ਼ਤਾਰ ਹੌਲੀ ਕੀਤੀ ਤਾਂ ਪਿੱਛੇ ਆ ਰਹੇ ਤੇਜ਼ ਰਫ਼ਤਾਰ ਵਾਹਨ ਵੀ ਉਸ ਵਿੱਚ ਪਿੱਛੇ ਵੱਜਦੇ ਗਏ। ਇਸ ਦੌਰਾਨ ਕੌਮੀ ਮਾਰਗ ਦੀਆਂ ਦੋਵੇਂ ਪਾਸੇ ਦੀਆਂ ਸੜਕਾਂ ਉਪਰ ਇੱਕ ਦਰਜਨ ਵਾਹਨ ਆਪਸ ਵਿਚ ਟਕਰਾਅ ਗਏ। ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਵਾਹਨਾਂ ਨੂੰ ਕੌਮੀ ਮਾਰਗ ਤੋਂ ਹਟਾਇਆ। ਆਪਸ ਵਿਚ ਟਕਰਾਏ ਵਾਹਨਾਂ ਵਿੱਚ ਆਟੋ, ਪਿਕਅੱਪ ਅਤੇ ਕਾਰਾਂ ਆਦਿ ਸ਼ਾਮਲ ਸਨ। ਸਿਵਲ ਹਸਪਤਾਲ ਦੇ ਡਾ. ਇਕਬਾਲ ਪ੍ਰੀਤ ਨੇ ਦੱਸਿਆ ਕਿ ਛੇ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਨ੍ਹਾਂ ਚੋਂ ਅੰਮ੍ਰਿਤ ਸਿੰਘ (42) ਪੁੱਤਰ ਰਾਜੂ ਸਿੰਘ ਵਾਸੀ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਦੀ ਮੌਤ ਹੋ ਗਈ ਜਦੋਂ ਕਿ ਬਲਜੀਤ ਕੌਰ (50) ਵਾਸੀ ਬਰਨਾਲਾ, ਕਿਰਨਾ ਦੇਵੀ (30) ਵਾਸੀ ਭਾਈਰੂਪਾ ਜ਼ਿਲ੍ਹਾ ਬਠਿੰਡਾ, ਜਸਪਾਲ ਕੌਰ (65) ਅਤੇ ਸੁਰਜੀਤ ਸਿੰਘ (55) ਵਾਸੀਆਨ ਗੁਰੂ ਹਰਸਹਾਏ ਅਤੇ ਜਗਸੀਰ ਸਿੰਘ (35) ਵਾਸੀ ਫਿਰੋਜ਼ਪੁਰ ਇਲਾਜ ਅਧੀਨ ਹਨ। ਥਾਣਾ ਲੌਂਗੋਵਾਲ ਦੇ ਐੱਸ ਐੱਚ ਓ ਬਲਜੀਤ ਸਿੰਘ ਨੇ ਇੱਕ ਦੀ ਮੌਤ ਅਤੇ ਪੰਜ ਜਣਿਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

