ਨਗਰ ਕੌਂਸਲ ਦੀ ਮੀਟਿੰਗ ਵਿੱਚ ਵੱਖ-ਵੱਖ ਮਤੇ ਪਾਸ ਕੀਤੇ
ਨਗਰ ਕੌਂਸਲ ਸੰਗਰੂਰ ਦੀ ਮੀਟਿੰਗ ਵਿੱਚ ਅੱਜ ਵੱਖ-ਵੱਖ ਕੰਮਾਂ ਨਾਲ ਸਬੰਧਤ ਮਤਿਆਂ ਨੂੰ ਪਾਸ ਕਰ ਦਿੱਤਾ ਹੈ। ਮਤੇ ਪਾਸ ਹੋਣ ਕਾਰਨ ਵੱਖ-ਵੱਖ ਵਾਰਡਾਂ ਵਿੱਚ ਸਮੱਸਿਆਵਾਂ ਦੇ ਹੱਲ ਹੋਣ ਦੀ ਉਮੀਦ ਬੱਝੀ ਹੈ। ਮੀਟਿੰਗ ਦੌਰਾਨ ਨਗਰ ਕੌਂਸਲ ਵੱਲੋਂ ਸ਼ਹਿਰ ਵਿਚ ਸੀਵਰੇਜ...
ਨਗਰ ਕੌਂਸਲ ਸੰਗਰੂਰ ਦੀ ਮੀਟਿੰਗ ਵਿੱਚ ਅੱਜ ਵੱਖ-ਵੱਖ ਕੰਮਾਂ ਨਾਲ ਸਬੰਧਤ ਮਤਿਆਂ ਨੂੰ ਪਾਸ ਕਰ ਦਿੱਤਾ ਹੈ। ਮਤੇ ਪਾਸ ਹੋਣ ਕਾਰਨ ਵੱਖ-ਵੱਖ ਵਾਰਡਾਂ ਵਿੱਚ ਸਮੱਸਿਆਵਾਂ ਦੇ ਹੱਲ ਹੋਣ ਦੀ ਉਮੀਦ ਬੱਝੀ ਹੈ। ਮੀਟਿੰਗ ਦੌਰਾਨ ਨਗਰ ਕੌਂਸਲ ਵੱਲੋਂ ਸ਼ਹਿਰ ਵਿਚ ਸੀਵਰੇਜ ਪਾਈਪਲਾਈਨਾਂ ਦੀ ਸਫ਼ਾਈ ਕਰਾਉਣ, ਸ਼ਹਿਰ ਦੇ ਸਾਰੇ ਵਾਰਡਾਂ ਵਿਚ ਜਲ ਸਪਲਾਈ ਅਤੇ ਸੀਵਰੇਜ ਸਪਲਾਈ ਦੀ ਆ ਰਹੀ ਸਮੱਸਿਆ ਨੂੰ ਦੂਰ ਕਰਨ, ਗਲੀਆਂ ਅਤੇ ਪੁਲੀਆਂ ਦੀ ਮੁਰੰਮਤ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਕੰਮਾਂ ਉਪਰ ਕਰੀਬ ਪੌਣੇ ਚਾਰ ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ।
ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਮੀਟਿੰਗ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਈ ਓ ਅਸ਼ਵਨੀ ਕੁਮਾਰ ਅਤੇ ਸ਼ਹਿਰ ਦੇ ਕੌਂਸਲਰ ਸ਼ਾਮਲ ਸਨ। ਮੀਟਿੰਗ ਦੌਰਾਨ ਸ਼ਹਿਰ ਦੀ ਜਲ ਸਪਲਾਈ ਅਤੇ ਸੀਵਰੇਜ ਲਾਈਨਾਂ ਦੀ ਦੇਖ ਰੇਖ ਅਤੇ ਸਾਫ਼ ਸਫਾਈ ਦਾ ਕੰਮ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਸੌਂਪੇ ਜਾਣ ਦੇ ਰੱਖੇ ਗਏ ਮਤੇ ਨੂੰ ਮੁੜ ਰੱਦ ਕਰ ਦਿੱਤਾ ਗਿਆ। ਨਗਰ ਕੌਂਸਲਰਾਂ ਵੱਲੋਂ ਇਹ ਸਮੁੱਚਾ ਕੰਮ ਨਗਰ ਕੌਂਸਲ ਵੱਲੋਂ ਹੀ ਕਰਵਾਏ ਜਾਣ ਦਾ ਸੁਝਾਅ ਦਿੱਤਾ ਗਿਆ। ਸ਼ਹਿਰ ਵਿਚ ਕੂੜਾ ਕੁਲੈਕਸ਼ਨ, ਟਰਾਂਸਪੋਟਰੇਸ਼ਨ, ਪ੍ਰਾਸੈਸਿੰਗ ਅਤੇ ਡਿਸਪੋਜ਼ ਦੇ ਕੰਮ ਨੂੰ 5.25 ਕਰੋੜ ਰੁਪਏ ਵਿਚ ਦੋ ਸਾਲ ਲਈ ਠੇਕੇ ’ਤੇ ਦੇਣ ਲਈ ਰੱਖੇ ਗਏ ਮਤੇ ਨੂੰ ਵੀ ਮੁੜ ਰੱਦ ਕਰ ਦਿੱਤਾ ਗਿਆ। ਇਸ ਕਾਰਜ ਲਈ ਪਿਛਲੀ ਮੀਟਿੰਗ ਦੌਰਾਨ ਰੱਖਿਆ ਮਤਾ ਵੀ ਰੱਦ ਕਰ ਦਿੱਤਾ ਗਿਆ ਸੀ। ਮੀਟਿੰਗ ਦੌਰਾਨ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ’ਤੇ ਟਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਟਰੈਫਿਕ ਲਾਈਟਾਂ ਲਗਾਉਣ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ ਜਿਸ ਨੂੰ ਪਾਸ ਕਰ ਕੇ ਅਗਲੀ ਮੀਟਿੰਗ ਵਿਚ ਐਸਟੀਮੇਟ ਬਣਾਉਣ ਦਾ ਫ਼ੈਸਲਾ ਲਿਆ ਗਿਆ। ਇਸ ਤੋਂ ਇਲਾਵਾ ਵੀ ਕਈ ਮਤਿਆਂ ਉਪਰ ਵਿਚਾਰ-ਚਰਚਾ ਕੀਤੀ ਗਈ। ਦੂਜੇ ਪਾਸੇ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਆਪਣੇ ਵਾਰਡ 22 ਵਿੱਚ ਸਮੱਸਿਆਵਾਂ ਹੱਲ ਨਾ ਹੋਣ ਕਾਰਨ ਮੀਟਿੰਗ ਦਾ ਬਾਈਕਾਟ ਕੀਤਾ ਅਤੇ ਮੀਟਿੰਗ ਹਾਲ ਦੇ ਬਾਹਰ ਰੋਸ ਧਰਨਾ ਦਿੱਤਾ।

