ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਸਕੂਟਰੀ ਸਵਾਰ ਦੀ ਮੌਤ
ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਸਕੂਟਰੀ ਸਵਾਰ ਦੀ ਪਟਿਆਲਾ ਵਿਖੇ ਇਲਾਜ ਦੌਰਾਨ ਹੋਈ ਮੌਤ
ਸੁਨਾਮ ਵਿੱਚ ਇੱਕ ਅਵਾਰਾ ਪਸ਼ੂ ਇੱਕ ਸਕੂਟਰੀ ਚਾਲਕ ਦੀ ਮੌਤ ਦਾ ਕਾਰਨ ਬਣ ਗਿਆ। ਹਾਦਸਾ ਇੱਥੇ ਸੁਨਾਮ-ਪਟਿਆਲਾ ਸੜਕ ’ਤੇ ਮਹਾਰਾਜਾ ਪੈਲੇਸ ਨੇੜੇ ਵਾਪਰਿਆ। ਪੁਲੀਸ ਚੌਂਕੀ ਨਵੀ ਅਨਾਜ ਮੰਡੀ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਵਾਸੀ ਸੁਨਾਮ ਨੇੜਲੇ ਪਿੰਡ ਕੁਲਾਰ ਖੁਰਦ ਤੋਂ ਆਪਣੇ ਕੰਮ-ਕਾਰ ਤੋਂ ਵਿਹਲਾ ਹੋ ਕੇ ਬੀਤੀ ਰਾਤ ਕਰੀਬ ਅੱਠ ਕੁ ਵਜੇ ਸਕੂਟਰੀ ’ਤੇ ਸੁਨਾਮ ਵੱਲ ਆ ਰਿਹਾ ਸੀ। ਜਿਵੇਂ ਹੀ ਉਹ ਮਹਾਰਾਜਾ ਪੈਲੇਸ ਨੇੜੇ ਆਇਆ ਤਾਂ ਅਚਾਨਕ ਸਕੂਟਰੀ ਅੱਗੇ ਇੱਕ ਅਵਾਰਾ ਪਸ਼ੂ ਆ ਗਿਆ, ਜਿਸ ਕਾਰਨ ਬਲਕਾਰ ਸਿੰਘ ਸੜਕ ’ਤੇ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।
ਹਸਪਤਾਲ ਵਿੱਚ ਇਲਾਜ ਦੌਰਾਨ ਤੋੜਿਆ ਦਮ
ਜ਼ਖ਼ਮੀ ਹਾਲਤ ਵਿੱਚ ਉਸ ਨੂੰ ਰਾਹਗੀਰਾਂ ਵੱਲੋਂ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਪਹਿਲਾਂ ਸੰਗਰੂਰ ਅਤੇ ਉੱਥੋਂ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ। ਪੁਲੀਸ ਅਨੁਸਾਰ ਇਲਾਜ ਦੌਰਾਨ ਬਲਕਾਰ ਸਿੰਘ (46) ਪੁੱਤਰ ਬੁੱਧ ਸਿੰਘ ਵਾਸੀ ਸੁਨਾਮ ਦੀ ਮੌਤ ਹੋ ਗਈ।
ਪੁਲੀਸ ਦੀ ਕਾਰਵਾਈ
ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਮ੍ਰਿਤਕ ਦੇ ਬੇਟੇ ਲਵਪ੍ਰੀਤ ਸਿੰਘ ਉਰਫ਼ ਹੈਪੀ ਦੇ ਬਿਆਨਾਂ ’ਤੇ ਬੀ.ਐੱਨ.ਐੱਸ.ਐੱਸ. (BNSS) ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

