ਸਰਪੰਚ ’ਤੇ ਰਾਖਵੀਂ ਜ਼ਮੀਨ ’ਚ ਬੀਜੀਆਂ ਸਬਜ਼ੀਆਂ ਵਾਹੁਣ ਦਾ ਦੋਸ਼
ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਜੂਨ
ਇੱਥੋਂ ਨੇੜਲੇ ਪਿੰਡ ਗੋਬਿੰਦਪੁਰਾ ਪਾਪੜਾ ਦੀ ਐੱਸਸੀ ਭਾਈਚਾਰੇ ਦੀ ਰਾਖਵੀਂ ਜ਼ਮੀਨ ’ਚ ਬੀਜੀ ਫ਼ਸਲ ਨੂੰ ਵਾਹੁਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਨੇ ਦੱਸਿਆ ਕਿ ਗੋਬਿੰਦਪੁਰਾ ਪਾਪੜਾ ਵਿੱਚ ਐੱਸਸੀ ਭਾਈਚਾਰੇ ਦੀ ਰਿਜ਼ਰਵ ਕੋਟੇ ਦੀ ਜ਼ਮੀਨ ਕੁਝ ਕਿਸਾਨ ਪਟੇ ’ਤੇ ਲੈ ਕੇ ਪਿਛਲੇ ਤਿੰਨ ਸਾਲਾਂ ਤੋਂ ਸਾਂਝੇ ਤੌਰ ’ਤੇ ਖੇਤੀ ਕਰ ਰਹੇ ਹਨ ਜਿੱਥੇ ਲਗਭਗ ਤਿੰਨ-ਚਾਰ ਕਨਾਲ ਜਗ੍ਹਾ ਵਿੱਚ ਉਨ੍ਹਾਂ ਕੱਦੂਆਂ ਤੇ ਚੌਲੇ ਤੇ ਗੁਆਰੇ ਦੀਆਂ ਵੇਲਾਂ ਲਾਈਆਂ ਹੋਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਵੱਲੋਂ ਵਾਟਰ ਵਰਕਸ ਲਾਉਣ ਦੇ ਬਹਾਨੇ ਹੇਠ ਬਾਅਦ ਦੁਪਹਿਰ ਟਰੈਕਟਰ ਨਾਲ ਵਹਾ ਦਿੱਤੀਆਂ ਗਈਆਂ ਹਨ ਜਿਸ ਕਾਰਨ ਕਾਸ਼ਤਕਾਰ ਸੁਰਜੀਤ ਸਿੰਘ ਤੇ ਗੁਰਪਿਆਰ ਸਿੰਘ ਵਗੈਰਾ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਕਰਕੇ ਸਮੂਹ ਐੱਸਸੀ ਭਾਈਚਾਰੇ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਦੇ ਐੱਸਐੱਚਓ ਨੂੰ ਜ਼ਮੀਨ ਦੇ ਪੱਟਾਧਾਰਕ ਸੁਰਜੀਤ ਸਿੰਘ ਵੱਲੋਂ ਲਿਖਤੀ ਦਰਖਾਸਤ ਰਾਹੀਂ ਜਾਣੂ ਕਰਵਾਇਆ ਗਿਆ ਹੈ ਅਤੇ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਨੈਬ ਸਿੰਘ, ਦਰਸ਼ਨ ਸਿੰਘ ਅਜੈਬ ਸਿੰਘ, ਕਾਕਾ ਸਿੰਘ ਤੇ ਨਿਰਭੈ ਸਿੰਘ ਆਦਿ ਹਾਜ਼ਰ ਸਨ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਹੈ।
ਵਾਟਰ ਵਰਕਸ ਸਰਕਾਰ ਤੋਂ ਮਨਜ਼ੂਰ ਕਰਵਾਇਆ ਗਿਐ: ਸਰਪੰਚ
ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਦਾ ਪਾਣੀ ਪੀਣਯੋਗ ਨਾ ਹੋਣ ਕਾਰਨ ਸਰਕਾਰ ਤੋਂ ਵਾਟਰ ਵਰਕਸ ਮਨਜ਼ੂਰ ਕਰਵਾਇਆ ਗਿਆ ਹੈ। ਇਸ ਸਬੰਧੀ ਦਲਿਤਾਂ ਦੇ ਖਾਤੇ ਵਿੱਚ ਪੈਸੇ ਪਾ ਕੇ ਉਨ੍ਹਾਂ ਨੂੰ ਪੰਜ ਦਿਨ ਪਹਿਲਾਂ ਦੱਸਿਆ ਗਿਆ ਸੀ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਵਿੱਚ ਕੈਂਸਰ ਦੇ ਮਰੀਜ਼ ਵਧਣ ਕਾਰਨ ਲੋਕ ਲਗਾਤਾਰ ਵਾਟਰ ਵਰਕਸ ਲਗਾਉਣ ਦੀ ਮੰਗ ਕਰਨ ਲੱਗੇ ਸਨ ਅਤੇ ਪੰਚਾਇਤ ਨੇ ਲੋਕਾਂ ਦੀ ਸਲਾਹ ਮਗਰੋਂ ਵਾਟਰ ਵਰਕਸ ਦੀ ਤਿਆਰੀ ਕੀਤੀ ਹੈ। ਪੰਚਾਇਤ ਦਲਿਤ ਭਾਈਚਾਰੇ ਨੂੰ ਪੈਸੇ ਦੇਣ ਲਈ ਤਿਆਰ ਹੈ।