Sant Longowal ਨੇ ਪੰਜਾਬ ਦੀ ਅਮਨ-ਸ਼ਾਂਤੀ ਲਈ ਸ਼ਹਾਦਤ ਦਿੱਤੀ: Harpal Singh Cheema
Sant Longowal Martyrdom: ਪੰਜਾਬ ਦੇ ਵੱਖ ਵੱਖ ਆਗੂਆਂ ਵੱਲੋਂ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ
Sant Longowal Martyrdom: ਪੰਜਾਬ ਦੇ ਵਿੱਤ, ਯੋਜਨਾ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਰੈੱਡ ਕਰਾਸ ਵੱਲੋਂ ਲਾਏ ਖ਼ੂਨਦਾਨ ਕੈਂਪ ਵਿੱਚ ਸ਼ਮੂਲੀਅਤ ਕੀਤੀ ਅਤੇ ਸੰਤ ਲੌਂਗੋਵਾਲ ਦੀ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪਤਨੀ ਸਬੀਨਾ ਅਰੋੜਾ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਚੀਮਾ ਨੇ ਕਿਹਾ ਕਿ 41 ਸਾਲ ਪਹਿਲਾਂ ਸੰਤ ਲੌਂਗੋਵਾਲ ਨੇ ਪੰਜਾਬ ਦੀ ਅਮਨ-ਸ਼ਾਂਤੀ ਲਈ ਸ਼ਹਾਦਤ ਦਿੱਤੀ ਸੀ। ਉਨ੍ਹਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਅੱਜ ਪੰਜਾਬ ਸਰਕਾਰ ਉਨ੍ਹਾਂ ਦੇ ਦਰਸਾਏ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮਾਰਗ ’ਤੇ ਚੱਲਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੀ ਹੈ। ਸ੍ਰੀ ਚੀਮਾ ਨੇ ਦੱਸਿਆ ਕਿ ਬੰਗਲੂਰੂ ਵਿੱਚ ਵਿਸ਼ਵ ਪੱਧਰੀ ਕਾਨਫਰੰਸ ਵਿੱਚ ਉਦਯੋਗ ਮੰਤਰੀ ਵਜੋਂ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰ ਰਹੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵੀ ਸੰਤ ਲੌਂਗੋਵਾਲ ਲਈ ਸ਼ਰਧਾ ਪ੍ਰਗਟਾਈ ਹੈ। ਸੰਤ ਲੌਂਗੋਵਾਲ ਦੀ ਯਾਦ ਵਿੱਚ ਲਾਏ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਖ਼ੂਨਦਾਨ ਕਰ ਕੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਵਿੱਤ ਮੰਤਰੀ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਕਿਸੇ ਵੀ ਪੱਤਰਕਾਰ ਜਾਂ ਮੀਡੀਆ ਹਾਊਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਸੂਬੇ ਵਿੱਚ ਹਰ ਨਾਗਰਿਕ ਅਤੇ ਮੀਡੀਆ ਨੂੰ ਪੂਰੀ ਆਜ਼ਾਦੀ ਨਾਲ ਆਪਣੀ ਗੱਲ ਰੱਖਣ ਦਾ ਹੱਕ ਹੈ। ਜਥੇਬੰਦੀਆਂ ਦੇ ਧਰਨਿਆਂ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਜਾਂ ਆਮ ਦਿਨਾਂ ਵਿੱਚ ਆਪਣੀਆਂ ਮੰਗਾਂ ਰੱਖਣਾ ਜਥੇਬੰਦੀਆਂ ਦਾ ਹੱਕ ਹੈ। ਉਨ੍ਹਾਂ ਦੀ ਅਗਵਾਈ ਹੇਠ ਬਣੀ ਕੈਬਨਿਟ ਸਬ-ਕਮੇਟੀ ਲਗਾਤਾਰ ਸਾਰੀਆਂ ਜਥੇਬੰਦੀਆਂ ਨਾਲ ਬੈਠਕਾਂ ਕਰ ਰਹੀ ਹੈ। ਕਈ ਜਾਇਜ਼ ਮੰਗਾਂ ਮੰਨੀਆਂ ਗਈਆਂ ਹਨ। ਡੀ ਏ ਦੇ ਬਕਾਏ ਸਬੰਧੀ ਸ੍ਰੀ ਚੀਮਾ ਨੇ ਦੱਸਿਆ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਲਗਪਗ 14 ਕਰੋੜ ਰੁਪਏ ਤੋਂ ਵੱਧ ਦਾ ਡੀ ਏ ਬਕਾਇਆ ਛੱਡਿਆ ਗਿਆ ਸੀ। ‘ਆਪ’ ਸਰਕਾਰ ਨੇ ਇਸ ਵਿੱਚੋਂ ਕਰੀਬ 5,000 ਤੋਂ 6,000 ਕਰੋੜ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਬਾਕੀ ਰਹਿੰਦਾ ਬਕਾਇਆ ਵੀ ਜਲਦ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਸ਼ਾਂਤੀ ਅਤੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਇਸ ਮੌਕੇ ਓ ਐੱਸ ਡੀ ਤਪਿੰਦਰ ਸਿੰਘ ਸੋਹੀ, ਰਸ਼ਪਾਲ ਕੌਰ, ਕੁਲਦੀਪ ਸਿੰਘ ਬੰਟੀ ਮਾਨ, ਕਰਮਜੀਤ ਕੌਰ, ਬਲਵਿੰਦਰ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ ਸਿੱਧੂ ਆਦਿ ਹਾਜ਼ਰ ਸਨ।
ਸੰਤ ਲੋਂਗੋਵਾਲ ਦੀ ਕੁਰਬਾਨੀ ਪੰਜਾਬ ਦੀ ਅਮਨ-ਸ਼ਾਂਤੀ ਤੇ ਏਕਤਾ ਲਈ ਮਾਰਗਦਰਸ਼ਨ: ਗਿਆਨੀ ਹਰਪ੍ਰੀਤ ਸਿੰਘ
ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਮਹਾਨ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਦਾ 41ਵਾਂ ਸ਼ਹੀਦੀ ਦਿਹਾੜਾ ਲੌਂਗੋਵਾਲ ਦੀ ਅਨਾਜ ਮੰਡੀ ਵਿਚ ਮਨਾਇਆ ਗਿਆ। ਸ਼ਹੀਦੀ ਸਮਾਗਮ ਵਿੱਚ ਅਕਾਲੀ ਸੋਚ ਨਾਲ ਜੁੜੇ ਵੱਡੀ ਗਿਣਤੀ ਵਿੱਚ ਲੋਕਾਂ, ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਕੇ ਸੰਤ ਲੌਂਗੋਵਾਲ ਦੀ ਕੁਰਬਾਨੀ ਨੂੰ ਸਿਜਦਾ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਏਕਤਾ ਅਤੇ ਪੰਥਕ ਹੱਕਾਂ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਉਨ੍ਹਾਂ ਦੀ ਸ਼ਹਾਦਤ ਪੰਜਾਬ ਦੇ ਇਤਿਹਾਸ ਦਾ ਇੱਕ ਅਮਿਟ ਅਧਿਆਇ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਇੱਕ ਗੰਭੀਰ ਤਰਾਸਦੀ ਅਤੇ ਬਹੁਪੱਖੀ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਸੰਕਟ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਲਈ ਸਿਰਫ਼ ਸੱਤਾ ਦੀ ਰਾਜਨੀਤੀ ਨਹੀਂ, ਸਗੋਂ ਸਿਧਾਂਤਕ, ਪੰਥਕ ਅਤੇ ਪੰਜਾਬ-ਪੱਖੀ ਸੋਚ ਨੂੰ ਮੁੜ ਮਜ਼ਬੂਤ ਕਰਨ ਦੀ ਲੋੜ ਹੈ।
ਹਰਸਿਮਰਤ ਕੌਰ ਬਾਦਲ, ਮਜੀਠੀਆ, ਧਾਮੀ, ਭੂੰਦੜ ਵਲੋਂ ਸ਼ਰਧਾਂਜਲੀ
ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮੌਕੇ ਵਿਸ਼ਾਲ ਸ਼ਹੀਦੀ ਕਾਨਫਰੰਸ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਵਿਖੇ ਕੀਤੀ ਗਈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਪਰਮਜੀਤ ਸਿੰਘ ਸਰਨਾ ਸਮੇਤ ਸਮੁੱਚੀ ਲੀਡਰਸ਼ਿਪ ਨੇ ਜਿਥੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਉਥੇ ਦਿੱਲੀ ਵਾਲਿਆਂ ਤੋਂ ਪੰਜਾਬ ਨੂੰ ਬਚਾਉਣ ਲਈ 2027 ਵਿਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ।
ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਵੀ ਸ੍ਰੋਮਣੀ ਅਕਾਲੀ ਦਲ ਅਮਨ ਸ਼ਾਂਤੀ ਦੀ ਰਾਹ ’ਤੇ ਚਲਦਾ ਹੈ ਤਾਂ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੰਤ ਲੌਗੋਵਾਲ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼ਹਾਦਤ ਦਿੱਤੀ ਅਤੇ ਉਨ੍ਹਾਂ ਉਪਰ ਹਮਲਾ ਗੁਰੂ ਘਰ ਵਿਚ ਹੋਇਆ ਸੀ। ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਦੋ ਵਾਰ ਹਮਲਾ ਗੁਰੂ ਘਰ ਵਿਖੇ ਹੋਇਆ। ਉਨ੍ਹਾਂ ਕਿਹਾ ਕਿ ਉਹ ਅਜਿਹੇ ਹਮਲਿਆਂ ਤੋਂ ਘਬਰਾਏ ਨਹੀਂ।
ਪੰਜਾਬ ਸਰਕਾਰ ’ਤੇ ਵਰ੍ਹਦਿਆਂ ਬੀਬਾ ਬਾਦਲ ਨੇ ਕਿਹਾ ਕਿ ਹਾਲਾਤ ਅਜਿਹੇ ਬਣਾ ਦਿੱਤੇ ਗਏ ਹਨ ਕਿ ਗੁਰੂ ਘਰ ਵਿਚ ਵੀ ਸਿੱਖ ਸੁਰੱਖਿਅਤ ਨਹੀਂ। ਕੁਝ ਲੋਕ ਸਰਕਾਰਾਂ ਦੇ ਪਿੱਠੂ ਬਣ ਕੇ ਹਮਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਿੱਲੀ ਵਾਲਿਆਂ ਦਾ ਨਹੀਂ, ਪੰਜਾਬ ਪੰਜਾਬੀਆਂ ਦਾ ਹੈ।

