Sanmandeep Singh Suicide Case: ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਅੱਜ
ਪੀਡ਼ਤ ਪਰਿਵਾਰ ਵੱਲੋਂ ਐੱਸ ਸੀ/ਐੱਸ ਟੀ ਐਕਟ ਦੀ ਧਾਰਾ ਲਾਉਣ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ
ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ ਦੇ ਖ਼ੁਦਕੁਸ਼ੀ ਮਾਮਲੇ ਸਬੰਧੀ ਅੱਜ ਚੌਥੇ ਦਿਨ ਵੀ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਹੋਇਆ ਕਿਉਂਕਿ ਪੀੜਤ ਪਰਿਵਾਰ ਕੇਸ ਵਿਚ ਐੱਸ ਸੀ/ਐੱਸ ਟੀ ਐਕਟ ਦੀ ਧਾਰਾ ਦਰਜ ਕਰਨ ਦੀ ਮੰਗ ਕਰ ਰਿਹਾ ਹੈ ਅਤੇ ਪਿਛਲੇ ਚਾਰ ਦਿਨਾਂ ਤੋਂ ਦਿਨ-ਰਾਤ ਸਿਵਲ ਹਸਤਪਾਲ ’ਚ ਮੁਰਦਾਘਰ ਅੱਗੇ ਧਰਨੇ ’ਤੇ ਬੈਠਾ ਹੈ। ਅੱਜ ਵੀ ਹਲਕਾ ਸੁਨਾਮ ਤੋਂ ਕਾਂਗਰਸੀ ਆਗੂ ਰਾਜਿੰਦਰ ਦੀਪਾ ਧਰਨੇ ਵਿੱਚ ਸ਼ਾਮਲ ਹੋਏ। ਅੱਜ ਬਾਅਦ ਦੁਪਹਿਰ ਪੀੜਤ ਪਰਿਵਾਰ ਅਤੇ ਸਕੇ ਸਬੰਧੀਆਂ ਨੇ ਸਿਵਲ ਹਸਪਤਾਲ ਤੋਂ ਲੈ ਕੇ ਡੀ ਸੀ ਦਫ਼ਤਰ ਤੱਕ ਰੋਸ ਮਾਰਚ ਕੀਤਾ। ਉਨ੍ਹਾਂ ਦੇ ਹੱਥਾਂ ਵਿਚ ਇਨਸਾਫ਼ ਲਈ ਮ੍ਰਿਤਕ ਸਨਮਦੀਪ ਦੀਆਂ ਤਸਵੀਰਾਂ ਵਾਲੇ ਪੋਸਟਰ ਚੁੱਕੇ ਹੋਏ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨੇ ਨੂੰ ਕਾਂਗਰਸੀ ਆਗੂ ਰਾਜਿੰਦਰ ਦੀਪਾ ਅਤੇ ਮਜ਼ਦੂਰ ਆਗੂ ਗੋਬਿੰਦ ਸਿੰਘ ਛਾਜਲੀ ਨੇ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ 30 ਸਤੰਬਰ ਨੂੰ ਸਿਵਲ ਹਸਪਤਾਲ ਤੋਂ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਨਸਾਫ਼ਪਸੰਦ, ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਭਲਕੇ 30 ਸਤੰਬਰ ਦੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਪੋਸਟਮਾਰਟਮ ਨਹੀਂ ਕਰਾਇਆ ਜਾਵੇਗਾ। ਸੰਗਰੂਰ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਨੋਈ ਦੇ ਸਰਪੰਚ ਦੀਪ ਸਿੰਘ, ਗੁਰਿੰਦਰ ਸਿੰਘ ਗੋਗਾ, ਹਰੰਬਸ ਸਿੰਘ ਸਾਬਕਾ ਮੈਂਬਰ ਅਤੇ ਪਰਮਜੀਤ ਕੌਰ ਵਾਸੀ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 108, 3(5) ਤਹਿਤ ਕੇਸ ਦਰਜ ਕੀਤਾ ਹੈ ਅਤੇ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾ ਦਿੱਤਾ ਸੀ ਪਰ ਪੀੜਤ ਪਰਿਵਾਰ ਸੰਤੁਸ਼ਟ ਨਹੀਂ ਹੋਇਆ ਅਤੇ ਕੇਸ ’ਚ ਐੱਸ ਸੀ/ਐੱਸ ਟੀ ਐਕਟ ਦੀ ਧਾਰਾ ਜੋੜਨ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜਿਆ ਹੋਇਆ ਹੈ।

