
ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਅਗਸਤ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਅਗਵਾਈ ਹੇਠ ਰਾਜ ਦੇ ਵੱਖ-ਵੱਖ ਜ਼ਿਲ੍ਹਆਂ ਤੋਂ ਪੁੱਜੇ ਹਜ਼ਾਰਾਂ ਅਧਿਆਪਕਾਂ ਵਲੋਂ ‘ਆਪ ’ ਸਰਕਾਰ ਦੀ ਜਨਤਕ ਸਿੱਖਿਆ ਅਤੇ ਮੁਲਾਜ਼ਮ ਵਿਰੋਧੀ ਨੀਤੀ ਖ਼ਿਲਾਫ਼ ਇਥੇ ਡੀਸੀ ਦਫ਼ਤਰ ਅੱਗੇ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮਗਰੋਂ ਅਧਿਆਪਕਾਂ ਵਲੋਂ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਵੀਰ ਚੌਕ ਤੱਕ ਰੋਸ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਰੈਲੀ ਵਿੱਚ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਮੀਤ ਪ੍ਰਧਾਨ ਕਰਨੈਲ ਸਿੰਘ ਚਿੱਟੀ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਸਹਾਇਕ ਸਕੱਤਰ ਗੁਰਮੀਤ ਸਿੰਘ ਕੋਟਲੀਲ ਅਤੇ ਸੂਬਾਈ ਆਗੂ ਬਲਵੀਰ ਲੌਂਗੋਵਾਲ ਨੇ ਪੰਜਾਬ ਸਰਕਾਰ ਦੀ ਸਿੱਖਿਆ ਤੇ ਮੁਲਾਜ਼ਮ ਵਿਰੋਧੀ ਨੀਤੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਪਹਿਲੀਆਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਵਾਂਗ ਹੀ ਕਾਰਪੋਰੇਟੀ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਅੱਗੇ ਤੋਰ ਰਹੀ ਹੈ। ਰੈਲੀ ’ਚ ਸੂਬਾ ਆਗੂ ਸੁਖਵਿੰਦਰ ਸੁੱਖੀ, ਰੇਸ਼ਮ ਸਿੰਘ ਬਠਿੰਡਾ, ਲਖਵੀਰ ਹਰੀਕੇ, ਹਰਭਗਵਾਨ ਗੁਰਨੇ, ਅਮਨਦੀਪ ਮਟਵਾਣੀ, ਦਲਜੀਤ ਸਮਰਾਲਾ, ਰਾਜਦੀਪ ਸੰਧੂ, ਬਲਰਾਮ ਸ਼ਰਮਾ, ਦਵਿੰਦਰ ਸਿੱਧੂ, ਦਾਤਾ ਨਮੋਲ, ਵਿਕਾਸ਼ ਗਰਗ, ਸੰਦੀਪ ਸ਼ਰਮਾ ਮੁਕਤਸਰ, ਜੋਗਿੰਦਰ ਵਰੇ, ਰਾਜਪਾਲ ਖਨੌਰੀ, ਗੁਰਜਿੰਦਰ ਫਤਹਿਗਗੜ੍ਹ, ਯੁੱਧਵੀਰ ਸਿੰਘ, ਅੰਕਿਤ ਫਾਜ਼ਿਲਕਾ ਨੇ ਸੰਬੋਧਨ ਕੀਤਾ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਦੇ ਅਧਿਆਪਕ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਵਿੱਢਣਗੇ। ਰੈਲੀ ਮਗਰੋਂ ਜਦੋਂ ਅਧਿਆਪਕ ਹਾਈਵੇਅ ਉਪਰ ਆਵਾਜਾਈ ਠੱਪ ਕਰਨ ਲਈ ਰੋਸ ਮਾਰਚ ਕਰਦਿਆਂ ਅੱਗੇ ਵਧ ਰਹੇ ਸਨ ਤਾਂ ਰਸਤੇ ’ਚ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿੱਖਿਆ ਮੰਤਰੀ ਪੰਜਾਬ ਨਾਲ ਜਥੇਬੰਦੀ ਦੀ 22 ਅਗਸਤ ਦੀ ਚੰਡੀਗੜ੍ਹ ਵਿਖੇ ਮੀਟਿੰਗ ਨਿਸ਼ਚਿਤ ਕਰਵਾ ਦਿੱਤੀ ਗਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ