ਸੰਗਰੂਰ ਪੁਲੀਸ ਵੱਲੋਂ ਦੋ ਨਸ਼ਾ ਤਸਕਰ ਕਾਬੂ; 560 ਗ੍ਰਾਮ ਚਿੱਟਾ ਅਤੇ 3 ਪਿਸਤੌਲ ਬਰਾਮਦ
ਅਪਰਾਧਿਕ ਪਿਛੋਕੜ: ਇੱਕ ਖ਼ਿਲਾਫ਼ ਪਹਿਲਾਂ ਹੀ 17 ਅਤੇ ਦੂਜੇ ਖ਼ਿਲਾਫ਼ 4 ਕੇਸ ਦਰਜ
ਸੰਗਰੂਰ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਾਰਵਾਈ ਕਰਦਿਆਂ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ 560 ਗ੍ਰਾਮ ਚਿੱਟਾ (ਹੈਰੋਇਨ), 2 ਪਿਸਤੌਲ 32 ਬੋਰ (ਸਮੇਤ 2 ਜਿੰਦਾ ਕਾਰਤੂਸ) ਅਤੇ 1 ਪਿਸਤੌਲ 30 ਬੋਰ (ਸਮੇਤ 1 ਜਿੰਦਾ ਕਾਰਤੂਸ) ਬਰਾਮਦ ਕੀਤੇ ਹਨ। ਪੁਲੀਸ ਮੁਤਾਬਕ ਇਹ ਮੁਲਜ਼ਮ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਵੱਡਾ ਤਸਕਰ ਹੈ ਅਤੇ ਕਾਫ਼ੀ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ।
ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਟੀਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਮਿਲਟਰੀ ਏਰੀਏ ਹਰੀਪੁਰਾ ਬਸਤੀ ਸੰਗਰੂਰ ਤੋਂ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਮੋਗਲੀ (ਵਾਸੀ ਕਿਸ਼ਨਪੁਰਾ ਰੋਡ, ਸੰਗਰੂਰ) ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 510 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਤਫ਼ਤੀਸ਼ ਦੌਰਾਨ ਗੁਰਪ੍ਰੀਤ ਸਿੰਘ ਉਰਫ਼ ਭੈਰੋ (ਵਾਸੀ ਅਜੀਤ ਨਗਰ, ਸੰਗਰੂਰ) ਨੂੰ ਨਾਮਜ਼ਦ ਕਰਕੇ ਸੁਨਾਮੀ ਗੇਟ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਨਿਸ਼ਾਨਦੇਹੀ 'ਤੇ ਸੋਹੀਆਂ ਰੋਡ ਗੰਦੇ ਨਾਲੇ ਕੋਲੋਂ ਉਸ ਦੇ ਕਬਜ਼ੇ ਵਿੱਚੋਂ 50 ਗ੍ਰਾਮ ਚਿੱਟਾ, 2 ਪਿਸਤੌਲ 32 ਬੋਰ ਸਮੇਤ 2 ਜਿੰਦਾ ਕਾਰਤੂਸ ਅਤੇ 1 ਪਿਸਤੌਲ 30 ਬੋਰ ਮਾਰਕਾ ਪੀ ਐਕਸ.-5 ਸਮੇਤ 1 ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ।
ਐੱਸ ਐੱਸ ਪੀ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਭੈਰੋਂ ਪਿਛਲੇ ਕਾਫ਼ੀ ਸਮੇਂ ਤੋਂ ਵੱਡੇ ਪੱਧਰ 'ਤੇ ਨਸ਼ਾ ਤਸਕਰੀ ਕਰ ਰਿਹਾ ਸੀ, ਜਿਸ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਜੁਰਮਾਂ ਤਹਿਤ 17 ਕੇਸ ਦਰਜ ਹਨ ਅਤੇ ਇਹ ਕਈ ਕੇਸਾਂ ਵਿੱਚ ਭਗੌੜਾ ਅਤੇ ਲੋੜੀਂਦਾ ਹੋਣ ਕਰਕੇ ਬੰਬੇ ਅਤੇ ਗੁਜਰਾਤ ਸਾਈਡ ਚਲਾ ਗਿਆ ਸੀ, ਜਿਸ ਨੂੰ ਹੁਣ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿਮਰਨਜੀਤ ਸਿੰਘ ਉਰਫ਼ ਮੋਗਲੀ ਖ਼ਿਲਾਫ਼ ਵੀ ਪਹਿਲਾਂ 4 ਕੇਸ ਦਰਜ ਹਨ।

