Sangrur news: ਨਗਰ ਕੌਂਸਲ ਵੱਲੋਂ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ
ਵਿਧਾਇਕ ਵਲੋਂ ਕੌਂਸਲਰਾਂ ਨੂੰ ਵਿਕਾਸ ਕਾਰਜਾਂ ਸਬੰਧੀ ਸੂਚੀ ਈ ਓ ਨੂੰ ਸੌਂਪਣ ਦੀ ਹਦਾਇਤ
ਸਥਾਨਕ ਨਗਰ ਕੌਂਸਲ ਦੀ ਮੀਟਿੰਗ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਖ-ਵੱਖ ਮਤਿਆਂ ਨੂੰ ਸਰਬਸੰਮਤੀ ਨਾਲ ਪਾਸ ਕਰਦਿਆਂ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ।
ਮੀਟਿੰਗ ਦੌਰਾਨ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੂੰ ਹੋਣ ਵਾਲੇ ਜ਼ਰੂਰੀ ਵਿਕਾਸ ਕਾਰਜਾਂ ਦੀ ਸੂਚੀ ਤਿਆਰ ਕਰਨ ਅਤੇ ਦੋ-ਤਿੰਨ ਦਿਨਾਂ ਦੇ ਅੰਦਰ ਅੰਦਰ ਈ.ਓ ਨਗਰ ਕੌਂਸਲ ਨੂੰ ਸੌਂਪਣ ਲਈ ਆਖਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਸਬੰਧੀ ਕੌਂਸਲਰਾਂ ਦੀ ਸਹਿਮਤੀ ਨਾਲ ਸੜਕ, ਸੀਵਰੇਜ, ਸਟਰੀਟ ਲਾਈਟ, ਸਫ਼ਾਈ ਪ੍ਰਬੰਧ ਆਦਿ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਕਿਸੇ ਵੀ ਵਾਰਡ ਵਿਚ ਕੋਈ ਸਿਆਸੀ ਵਿਤਕਰਾ ਨਹੀਂ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਸ਼ਹਿਰ ਵਿਚ ਵੱਖ-ਵੱਖ ਥਾਵਾਂ ਉਪਰ ਕੂੜਾ ਸੁੱਟਣ ਨੂੰ ਰੋਕਣ ਲਈ ਮੈਰਿਜ਼ ਪੈਲੇਸ, ਹਸਪਤਾਲ, ਹੋਟਲ, ਮਾਲ ਆਦਿ ਪ੍ਰਮੁੱਖ ਸਥਾਨਾਂ ਤੋਂ ਕੂੜਾ ਚੁੱਕਣ ਦੇ ਪ੍ਰਬੰਧਾਂ ਸਬੰਧੀ ਮਤਾ ਪਾਸ ਕੀਤਾ ਗਿਆ। ਫ਼ੈਸਲਾ ਲਿਆ ਗਿਆ ਕਿ ਇਨ੍ਹਾਂ ਥਾਵਾਂ ਤੋਂ ਕੌਂਸਲ ਜਾਂ ਕੌਂਸਲ ਵਲੋਂ ਪ੍ਰਵਾਨਿਤ ਠੇਕੇਦਾਰ ਰਾਹੀਂ ਕੂੜਾ ਚੁੱਕਿਆ ਜਾਵੇਗਾ ਅਤੇ ਕੂੜੇ ਦੀ ਮਾਤਰਾ ਅਤੇ ਸ੍ਰੇਣੀ ਅਨੁਸਾਰ ਫਿਕਸ ਰੇਟ ਤੈਅ ਕੀਤਾ ਜਾਵੇਗਾ। ਇਨ੍ਹਾਂ ਪ੍ਰਬੰਧਾਂ ਨਾਲ ਨਾਜਾਇਜ਼ ਕੂੜਾ ਸੁੱਟਣ ਉਪਰ ਰੋਕ ਲੱਗੇਗੀ। ਮੀਟਿੰਗ ਵਿਚ ਕੌਂਸਲਰਾਂ ਵਲੋਂ ਸੀਵਰੇਜ ਸਮੱਸਿਆ ਅਤੇ ਸਟਰੀਟ ਲਾਈਟਾਂ ਦਾ ਮੁੱਦਾ ਉਠਾਇਆ ਗਿਆ ਅਤੇ ਵਿਧਾਇਕ ਨੇ ਇਨ੍ਹਾਂ ਮਾਮਲਿਆਂ ਦੇ ਜਲਦ ਹੱਲ ਦਾ ਭਰੋਸਾ ਦਿਵਾਇਆ। ਮੀਟਿੰਗ ਦੌਰਾਨ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਲਾਵਾਰਸ ਢੱਠੇ ਦੇ ਹਮਲੇ ਵਿਚ ਜਾਨ ਗੁਆਉਣ ਵਾਲੇ ਵਿਜੇ ਦੀ ਪਤਨੀ ਨੂੰ 15 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਮਾਮਲੇ ਉਪਰ ਵੀ ਸਹਿਮਤੀ ਪ੍ਰਗਟ ਕੀਤੀ ਗਈ।

