sangrur news: ਕਿਰਤੀ ਕਿਸਾਨ ਯੂਨੀਅਨ ਦਾ ਡੈਲੀਗੇਟ ਇਜਲਾਸ
ਜਰਨੈਲ ਸਿੰਘ ਜਹਾਂਗੀਰ ਜ਼ਿਲ੍ਹਾ ਪ੍ਰਧਾਨ ਅਤੇ ਕਰਮਜੀਤ ਸਤੀਪੁਰਾ ਕਾਰਜਕਾਰੀ ਪ੍ਰਧਾਨ ਚੁਣੇ
ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਮਸਤੂਆਣਾ ਸਾਹਿਬ ਵਿਖੇ ਹੋਇਆ ਜਿਸ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਜਲਾਸ ਦੌਰਾਨ ਪਿਛਲੇ ਤਿੰਨ ਸਾਲਾਂ ਦੇ ਸੰਘਰਸ਼, ਸਰਗਰਮੀਆਂ ਅਤੇ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਇਸ ਤੇ ਚਰਚਾ ਕਰਨ ਤੋਂ ਬਾਅਦ 11 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ ਵਿੱਚ ਜਰਨੈਲ ਸਿੰਘ ਜਹਾਂਗੀਰ ਜ਼ਿਲਾ ਪ੍ਰਧਾਨ, ਕਰਮਜੀਤ ਸਿੰਘ ਸਤੀਪੁਰਾ ਕਾਰਜਕਾਰੀ ਪ੍ਰਧਾਨ, ਨਿਰਭੈ ਸਿੰਘ ਖਾਈ ਮੀਤ ਪ੍ਰਧਾਨ,ਦਰਸ਼ਨ ਸਿੰਘ ਕੁੰਨਰਾਂ ਸਕੱਤਰ, ਕੁਲਦੀਪ ਸਿੰਘ ਵਿੱਤ ਸਕੱਤਰ ਅਤੇ ਹਰਦਮ ਸਿੰਘ ਰਾਜੋਮਾਜਰਾ ਪ੍ਰਚਾਰ ਸਕੱਤਰ ਸਮੇਤ ਭੁਪਿੰਦਰ ਸਿੰਘ ਲੌਂਗੋਵਾਲ, ਜੁਝਾਰ ਸਿੰਘ ਬਡਰੁੱਖਾਂ, ਸਤਵਿੰਦਰ ਸਿੰਘ ਬਹਾਦਰਪੁਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ ਤੇ ਇੱਕ ਸੀਟ ਖਾਲੀ ਰੱਖੀ ਗਈ। ਸੂਬਾ ਕਮੇਟੀ ਵੱਲੋਂ ਅਬਜ਼ਰਵਰ ਦੇ ਤੌਰ ਤੇ ਸ਼ਾਮਿਲ ਹੋਏ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਜਥੇਬੰਦੀ ਬਣਾਉਣ ਦੀ ਮਹੱਤਤਾ, ਮੌਜੂਦਾ ਸਮੇਂ ਵਿੱਚ ਲੋੜ ’ਤੇ ਚਾਨਣਾ ਪਾਇਆ। ਦੀਪ ਸਿੰਘ ਵਾਲਾ ਨੇ ਦੱਸਿਆ ਕਿ ਮੌਜੂਦਾ ਸਮੇਂ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਜਿੱਥੇ ਆਪਣਾ ਹਿੰਦੂਤਵ ਦਾ ਏਜੰਡਾ ਜ਼ੋਰ ਸ਼ੋਰ ਨਾਲ ਲਾਗੂ ਕਰ ਰਹੀ ਹੈ ਉੱਥੇ ਹੀ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਰਾਹੀਂ ਦੇਸ਼ ਦੀ ਕਿਸਾਨੀ ਵਾਸਤੇ ਤਬਾਹੀ ਦਾ ਰਸਤਾ ਖੋਲ੍ਹ ਰਹੀ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਤੇ ਕੇਂਦਰ ਸਰਕਾਰ ਵੱਲੋਂ ਕੀਤੇ ਧੱਕੇ ਅਤੇ ਮੌਜੂਦਾ ਸਮੇਂ ਪਾਣੀਆਂ ਦੇ ਹੱਕ ਪ੍ਰਾਪਤ ਕਰਨ ਲਈ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਵਿਖੇ ਸੰਯੁਕਤ ਮੋਰਚੇ ਵੱਲੋਂ ਲਾਏ ਜਾਣ ਵਾਲੇ ਮੋਰਚੇ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ। ਇਜਲਾਸ ਵਿੱਚਂ ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

