Sangrur Garbage Crisis: ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕੂੜੇ ਦੇ ਢੇਰਾਂ ਵਿਚ ਘਿਰਿਆ ਸੰਗਰੂਰ
11 ਦਿਨਾਂ ਤੋਂ ਸਫ਼ਾਈ ਪ੍ਰਬੰਧ ਠੱਪ; ਸ਼ਹਿਰ ਦੇ ਬਦਤਰ ਹੋਏ ਹਾਲਾਤ, ਸਫ਼ਾਈ ਕਾਮਿਆਂ ਦੀ ਹੜਤਾਲ ਜਾਰੀ
ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ’ਤੇ ਸਫਾਈ ਸੇਵਕਾਂ ਅਤੇ ਮਿਊਂਸਪਲ ਮੁਲਾਜ਼ਮਾਂ ਦੀ ਪਿਛਲੇ 11 ਦਿਨਾਂ ਤੋਂ ਚੱਲ ਰਹੀ ਕੰਮ ਛੋੜ ਹੜਤਾਲ ਕਾਰਨ ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ਦੇ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਅਤੇ ਸੜਕਾਂ ਉਪਰ ਖਿੱਲਰਦੇ ਕੂੜੇ ਕਾਰਨ ਇੰਝ ਜਾਪ ਰਿਹਾ ਜਿਵੇਂ ਕਿ ਸ਼ਹਿਰ ਦਾ ਕੋਈ ਵੀ ਵਾਲੀਵਾਰਸ ਨਾ ਹੋਵੇ। ਦੂਰ-ਦੂਰ ਤੱਕ ਫੈਲ ਰਹੀ ਕੂੜੇ ਦੀ ਬੁਦਬੂ ਕਾਰਨ ਬਣੇ ਹਾਲਾਤ ਚਿੰਤਾ ਦਾ ਵਿਸ਼ਾ ਹਨ। ਹੜਤਾਲੀ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਕਾਰਨ ਆਉਣ ਵਾਲੇ ਦਿਨਾਂ ਵਿਚ ਸਫ਼ਾਈ ਪੱਖੋਂ ਸ਼ਹਿਰਾਂ ਦੇ ਹਾਲਾਤ ਹੋਰ ਵੀ ਗੰਭੀਰ ਹੋਣ ਦੇ ਆਸਾਰ ਹਨ।
ਹੜਤਾਲੀ ਸਫ਼ਾਈ ਸੇਵਕਾਂ ਅਤੇ ਮੁਲਾਜ਼ਮਾਂ ਵਲੋਂ 11ਵੇਂ ਦਿਨ ਵੀ ਨਗਰ ਕੌਂਸਲ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਰਤ ਬੇਦੀ, ਲੋਕਲ ਪ੍ਰਧਾਨ ਅਜੇ ਕੁਮਾਰ, ਚੇਅਰਮੈਨ ਊਸ਼ਾ ਰਾਣੀ ਅਤੇ ਮੀਤ ਪ੍ਰਧਾਨ ਨਾਥਾ ਰਾਮ ਨੇ ਦੱਸਿਆ ਕਿ ਲੰਘੇ ਦਿਨ ਹੜਤਾਲੀ ਮੁਲਾਜ਼ਮਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਮੀਟਿੰਗ ਲਈ ਸੱਦਿਆ ਸੀ। ਮੀਟਿੰਗ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਅਤੇ ਸਰਕਾਰ ਦੇ ਹੋਰ ਨੁਮਾਇੰਦੇ ਸ਼ਾਮਲ ਸਨ। ਯੂਨੀਅਨ ਵਲੋਂ ਮੀਟਿੰਗ ਵਿਚ ਆਪਣੀਆਂ ਮੰਗਾਂ ਕਲਾਸ-ਸੀ ਅਤੇ ਕਲਾਸ- ਡੀ ਸਮੁੱਚੇ ਕੱਚੇ ਕਾਮਿਆਂ ਨੂੰ ਬਿਨ੍ਹਾਂ ਸ਼ਰਤ ਵਿਭਾਗ ਵਿਚ ਸ਼ਾਮਲ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ, 10 ਸਾਲਾ ਪਾਲਿਸੀ ਨੂੰ ਰੱਦ ਕਰਨਾ, ਤਨਖਾਹ ਦੀ ਅਦਾਇਗੀ ਖਜ਼ਾਨੇ ਵਿਚ ਕਰਨ ਆਦਿ ਸਰਕਾਰ ਅੱਗੇ ਰੱਖੀਆਂ ਗਈਆਂ। ਮੀਟਿੰਗ ਵਿਚ ਸਰਕਾਰ ਵਲੋਂ ਹੜਤਾਲ ਖਤਮ ਕਰਨ ਅਤੇ ਮੰਗਾਂ ਜਲਦ ਪੂਰੀਆਂ ਕਰਨ ਦੀ ਗੱਲ ਆਖੀ ਗਈ ਪਰੰਤੂ ਯੂਨੀਅਨ ਵਲੋਂ ਕਿਹਾ ਗਿਆ ਕਿ ਮੰਗਾਂ ਪੂਰੀਆਂ ਕਰੋ, ਹੜਤਾਲ ਖਤਮ ਕਰ ਦਿੰਦੇ ਹਾਂ। ਕਰੀਬ ਦੋ ਤਿੰਨ ਘੰਟੇ ਚੱਲੀ ਮੀਟਿੰਗ ਵਿਚ ਸਰਕਾਰ ਮੰਗਾਂ ਬਾਰੇ ਫੈਸਲਾ ਨਹੀਂ ਲੈ ਸਕੀ ਜਿਸ ਕਾਰਨ ਮੀਟਿੰਗ ਬੇਸਿੱਟਾ ਰਹੀ। ਆਗੂਆਂ ਨੇ ਹੜਤਾਲੀ ਮੁਲਾਜ਼ਮਾਂ ਨੂੰ ਸੁਚੇਤ ਕੀਤਾ ਕਿ ਅਫ਼ਵਾਹਾਂ ਉਪਰ ਯਕੀਨ ਨਾ ਕੀਤਾ ਜਾਵੇ ਅਤੇ ਹੜਤਾਲੀ ਲਗਾਤਾਰ ਜਾਰੀ ਰਹੇਗੀ। ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ, ਕੰਮ ਛੋੜ ਹੜਤਾਲ ਜਾਰੀ ਰਹੇਗੀ।
ਰੋਸ ਧਰਨੇ ਵਿਚ ਯੂਨੀਅਨ ਆਗੂ ਰਮੇਸ਼ ਕੁਮਾਰ, ਸੁਰੇਸ਼ ਕੁਮਾਰ, ਸੁਰੇਸ਼, ਰਾਜੇਸ਼ ਕੁਮਾਰ, ਅਸ਼ੋਕ ਕੁਮਾਰ, ਸੰਜੀਵ ਸਾਹਨੀ, ਗੁਰਪ੍ਰੀਤ ਸਿੰਘ ਬਰਾੜ, ਅਮਰੀਕ ਸਿੰਘ, ਜਸਮੇਲ ਸਿੰਘ, ਸਿਲਕੀ ਬਾਂਸਲ, ਗਾਇਤਰੀ ਆਦਿ ਮੌਜੂਦ ਸਨ।

