ਸੰਗਰੂਰ: ਕਿਸਾਨਾਂ ਨੇ ਡੀ ਸੀ ਦਫ਼ਤਰ ਅੱਗੇ ਧਰਨਾ ਲਾਇਆ
ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ; ਰਾਸ਼ਟਰਪਤੀ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪੇ
ਸੰਯੁਕਤ ਕਿਸਾਨ ਮੋਰਚੇ ਗੈਰ ਸਿਆਸੀ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਮਲਵਈ ਵੱਲੋਂ ਕਿਸਾਨੀ ਮੰਗਾਂ ਲਈ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਅਮਰੀਕੀ ਉਦਪਾਦਾਂ ਨੂੰ ਫ਼ੂਕਦਿਆਂ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਗਿਆ। ਯੂਨੀਅਨ ਵਲੋਂ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਕਾਰਜਕਾਰੀ ਮੈਜਿਸਟ੍ਰੇਟ ਨੂੰ ਸੌਂਪਿਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ-ਸਿੱਧੂਪੁਰ ਦੇ ਆਗੂ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਰਣ ਸਿੰਘ ਚੱਠਾ, ਬੀ ਕੇ ਯੂ ਮਲਵਈ ਦੇ ਆਗੂ ਧਰਮਿੰਦਰ ਸਿੰਘ ਪਿਸ਼ੌਰ ਅਤੇ ਮਲਕੀਤ ਸਿੰਘ ਤੂਰਬੰਜਾਰਾ ਨੇ ਕਿਹਾ ਕਿ ਕਣਕ ਅਤੇ ਸਰ੍ਹੋਂ ਦੀ ਖਰੀਦ ਐੱਮ ਐੱਸ ਪੀ ਉੱਪਰ ਹੋਣੀ ਯਕੀਨੀ ਬਣਾਈ ਜਾਵੇ, ਹਰਿਆਣਾ ਸਰਕਾਰ ਨੇ ਥੋਪੇ ਨਵੇਂ ਕਾਲੇ ਨਿਯਮ ਵਾਪਸ ਲਏ ਜਾਣ, ਗੇਟ ਪਾਸ ਲਈ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਅਤੇ ਟਰੈਕਟਰ-ਟਰਾਲੀ ਉੱਪਰ ਨੰਬਰ ਪਲੇਟ ਲਾਜ਼ਮੀ ਹੋਣ ਅਤੇ ਉਸ ਦੀ ਫੋਟੋ ਅਪਲੋਡ ਕਰਨ ਦੀ ਪ੍ਰਕਿਰਿਆ ਵਾਪਸ ਲਈ ਜਾਵੇ।
ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਆਲੂ ਦੀਆਂ ਡਿੱਗਦੀਆਂ ਕੀਮਤਾਂ ਨੇ ਕਿਸਾਨਾਂ ਨੂੰ ਆਰਥਿਕ ਢਾਹ ਲਗਾਈ ਹੈ। ਹਾਲ ਹੀ ਵਿੱਚ ਆਲੂ ਉਤਪਾਦਕ ਕਿਸਾਨ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ (ਪੰਜਾਬ) ਅਤੇ ਸੋਨਪੀਰ ਸਿੰਘ ਕੁਸ਼ਵਾਹਾ ਅਤੇ ਵਿਕਾਸ ਚੌਧਰੀ (ਉੱਤਰ ਪ੍ਰਦੇਸ਼) ਦੀਆਂ ਖੁਦਕੁਸ਼ੀਆਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੇ ਹਾਲਾਤ ’ਚ ਕੇਂਦਰ ਅਤੇ ਰਾਜ ਸਰਕਾਰਾਂ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ, ਆਲੂਆਂ ਦੀ ਖਰੀਦ ਯਕੀਨੀ ਬਣਾਈ ਜਾਵੇ। ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਵਿੱਚੋਂ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਸੈਕਟਰ ਬਾਹਰ ਰੱਖਿਆ ਜਾਵੇ, ਅਮਰੀਕਾ ਤੋਂ ਭੋਜਨ ਅਤੇ ਖੇਤੀਬਾੜੀ ਉਤਪਾਦਾਂ ਦੇ ਆਯਾਤ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।
ਧਰਨੇ ਨੂੰ ਬੀ ਕੇ ਯੂ ਏਕਤਾ ਸਿੱਧੂਪੁਰ ਦੇ ਆਗੂ ਜਤਿੰਦਰ ਸਿੰਘ ਜਲੂਰ , ਜਸਵੰਤ ਸਿੰਘ ਛਾਹੜ, ਕਸ਼ਮੀਰ ਸਿੰਘ ਉਗਰਾਹਾਂ, ਕਰਮਜੀਤ ਸਿੰਘ ਬਾਲਦ ਕਲਾਂ, ਕੁਲਵੰਤ ਸਿੰਘ ਉਭਿਆ, ਬੀਕੇਯੂ ਮਲਵਈ ਦੇ ਰਾਮਪਾਲ ਸੁਨਾਮ, ਹਰਜਿੰਦਰ ਸਿੰਘ ਨੰਗਲਾ ਤੇ ਪਰਮਜੀਤ ਕੌਰ ਲਹਿਲ ਕਲਾਂ ਨੇ ਸੰਬੋਧਨ ਕੀਤਾ ਗਿਆ।

