Sangrur Farmers Protest: ਮਸਲੇ ਹੱਲ ਨਾ ਹੋਣ ’ਤੇ ਡੀ ਸੀ ਦਫ਼ਤਰ ਅੱਗੇ ਡਟੇ ਕਿਸਾਨ
ਬੀਕੇਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਪੱਕਾ ਮੋਰਚਾ ਲਾਇਆ
Sangrur Farmers Protest: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਅਤੇ ਬੀਬੀਆਂ ਵਲੋਂ ਡੀ ਸੀ ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਲਵਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਲਗਾਏ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਰਕਾਰਾਂ ਤਾਨਾਸ਼ਾਹੀ ਵਾਲਾ ਰਵੱਈਆ ਅਪਣਾ ਰਹੀਆਂ ਹਨ ਅਤੇ ਹੱਕ ਮੰਗਦੇ ਹਰ ਵਰਗ ਉਪਰ ਸੱਤਾ ਦੇ ਨਸ਼ੇ ਵਿਚ ਜਬਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅਮਰੀਕਾ ਨਾਲ ਵਪਾਰ ਸਮਝੌਤਾ ਕਰਕੇ ਕਿਸਾਨੀ ਅਤੇ ਖੇਤੀ ਨੂੰ ਤਬਾਹ ਕਰਨ ਦਾ ਫੈਸਲਾ ਲਿਆ ਹੈ ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੁਲਾਰਿਆਂ ਨੇ ਮੰਗ ਕੀਤੀ ਕਿ ਅਮਰੀਕਾ ਨਾਲ ਖੇਤੀ ਨੂੰ ਮਾਰਨ ਵਾਲਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਜ਼ਮੀਨਾਂ ਖੋਹਣ ਵਾਲੀ ਲੈਂਡ ਪੂਲਿੰਗ ਨੀਤੀ ਰੱਦ ਕੀਤੀ ਜਾਵੇ, ਦਹਾਕਿਆਂ ਤੋਂ ਜ਼ਮੀਨ ਵਾਹ ਰਹੇ ਆਬਾਦਕਾਰਾਂ, ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣ, ਸਾਰੇ ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਮੂਆਫ਼ ਕੀਤਾ ਜਾਵੇ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇ, ਪੰਜਾਬ ਲਈ ਕਾਰਪੋਰੇਟਾਂ ਵਿਰੋਧੀ, ਵਾਤਾਵਰਨ ਪੱਖੀ ਖੇਤੀ ਨੀਤੀ ਬਣਾਈ ਜਾਵੇ, ਕਿਸਾਨ ਆਗੂਆਂ 'ਤੇ ਪਾਏ ਸਾਰੇ ਝੂਠੇ ਕੇਸ, ਸੰਘਰਸ਼ ਕਰਦੇ ਲੋਕਾਂ 'ਤੇ ਪੁਲੀਸ ਜਬਰ, ਝੂਠੇ ਮੁਕਾਬਲੇ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਪਿਛਲੇ ਸਾਲ ਹੜ੍ਹਾਂ 'ਚ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਸਰਕਾਰੀ ਜਾਇਦਾਦਾਂ ਵੇਚਣੀਆਂ ਬੰਦ ਕੀਤੀਆਂ ਜਾਣ, ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ੀ ਮੋਰਚਾ ਜਾਰੀ ਰਹੇਗਾ।
ਇਸ ਮੌਕੇ ਅਮਨਦੀਪ ਸਿੰਘ ਮਹਿਲਾ, ਦਰਸ਼ਨ ਸਿੰਘ ਚੰਗਾਲੀਵਾਲਾ, ਬਲਵਿੰਦਰ ਸਿੰਘ ਘਨੌੜ, ਜਗਤਾਰ ਸਿੰਘ ਲੱਡੀ, ਹਰਜੀਤ ਸਿੰਘ ਮਹਿਲਾਂ, ਜਸਵੰਤ ਸਿੰਘ ਤੋਲਾਵਾਲ, ਗੁਰਪ੍ਰੀਤ ਸਿੰਘ ਸੰਗਤਪੁਰਾ, ਬੰਟੀ ਢੀਂਡਸਾ, ਰਾਮ ਸਿੰਘ ਕੱਕੜਵਾਲ, ਡੀ ਟੀ ਐਫ ਆਗੂ ਬਲਵੀਰ ਚੰਦ ਲੌਂਗੋਵਾਲ, ਜੁਝਾਰ ਸਿੰਘ ਲੌਂਗੋਵਾਲ, ਬੇਰੁਜ਼ਗਾਰ ਮੋਰਚੇ ਦੇ ਸੁਖਵਿੰਦਰ ਸਿੰਘ ਢਿੱਲਵਾ, ਕਿਸਾਨ-ਮਜ਼ਦੂਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਕੋਟਧਰਮੂ ਟੋਲ ਪਲਾਜ਼ਾ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਭੱਟੀਵਾਲ, ਕਰੋਨਾ ਵਲੰਟੀਅਰ ਯੂਨੀਅਨ ਦੇ ਗੁਰਪਿਆਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

