Sangrur: ਭਰਾਜ ਨੇ ਸੰਗਰੂਰ ਦੀਆਂ ਤਿੰਨ ਸੜਕਾਂ ਦੇ ਨੀਂਹ ਪੱਥਰ ਰੱਖੇ
‘ਸ਼ਹਿਰ ਵਾਸੀਆਂ ਨੂੰ ਬਿਹਤਰ ਸੜਕੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਮੁੱਖ ਤਰਜੀਹ’
ਸ਼ਹਿਰ ਦੇ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵਿਧਾਇਕਾ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਸ਼ਹਿਰ ਦੀਆਂ ਤਿੰਨ ਅਹਿਮ ਸੜਕਾਂ ਦੇ ਵਿਕਾਸ ਅਤੇ ਨਿਰਮਾਣ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਤਿੰਨਾਂ ਵਿਕਾਸ ਕਾਰਜਾਂ ’ਤੇ ਕਰੀਬ 2.47 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਬੱਸ ਸਟੈਂਡ ਚੌਕ ਸੰਗਰੂਰ ਵਿੱਚ ਸੜਕ ਦੇ ਵਿਕਾਸ ਕਾਰਜਾਂ ’ਤੇ 79.50 ਲੱਖ ਰੁਪਏ, ਸੁਨਾਮੀ ਗੇਟ ਸੰਗਰੂਰ ਵਿੱਚ 46 ਲੱਖ ਰੁਪਏ ਅਤੇ ਪੂਨੀਆ ਕਲੋਨੀ ਸੰਗਰੂਰ ਵਿੱਚ ਸੜਕ ਦੇ ਵਿਕਾਸ ਕਾਰਜਾਂ ’ਤੇ 121 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦੇ ਮੁਕੰਮਲ ਹੋਣ ਨਾਲ ਇਲਾਕਾ ਵਾਸੀਆਂ ਦੇ ਨਾਲ ਰੋਜ਼ਾਨਾ ਇਨ੍ਹਾਂ ਰਸਤਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਚੌਕ ਅਤੇ ਸੁਨਾਮੀ ਗੇਟ ਵਰਗੇ ਅਹਿਮ ਅਤੇ ਰੁਝੇਵੇਂ ਵਾਲੇ ਇਲਾਕਿਆਂ ਵਿੱਚ ਸੜਕੀ ਢਾਂਚੇ ਵਿੱਚ ਸੁਧਾਰ ਨਾਲ ਆਵਾਜਾਈ ਸੁਚਾਰੂ ਹੋਵੇਗੀ ਜਦਕਿ ਪੂਨੀਆ ਕਲੋਨੀ ਵਿੱਚ ਹੋਣ ਵਾਲੇ ਵਿਕਾਸ ਕਾਰਜ ਨਾਲ ਸਥਾਨਕ ਵਸਨੀਕਾਂ ਨੂੰ ਬਿਹਤਰ ਸੜਕੀ ਸਹੂਲਤ ਮਿਲੇਗੀ। ਇਸ ਮੌਕੇ ਭੁਪਿੰਦਰ ਸਿੰਘ ਪ੍ਰਧਾਨ, ਸੁੱਖਾ ਮਾਨ, ਐੱਮ ਸੀ ਜਗਜੀਤ ਕਾਲਾ, ਪੰਕਜ ਗਰਗ, ਅਮਨ ਸੇਖੋਂ, ਐੱਮ ਸੀ ਹਰਬੰਸ ਅਤੇ ਨੋਨੀ ਸਮੇਤ ਅਤੇ ਇਲਾਕਾ ਵਾਸੀ ਹਾਜ਼ਰ ਸਨ।

