Sangrur Anganwadi Protest: ਡੀ ਸੀ ਦਫ਼ਤਰ ਅੱਗੇ ਆਂਗਣਵਾੜੀ ਵਰਕਰਾਂ ਅਤੇ ਪੁਲੀਸ ਦਰਮਿਆਨ ਖਿੱਚ-ਧੂਹ
ਪੁਲੀਸ ਨਾਕੇਬੰਦੀ ਅਤੇ ਕੰਪਲੈਕਸ ਦਾ ਮੁੱਖ ਗੇਟ ਖੋਲ੍ਹ ਕੇ ਅੰਦਰ ਦਾਖਲ ਹੋਈਆਂ ਵਰਕਰਾਂ
Sangrur Anganwadi Protest: ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਸੱਦੇ ਤਹਿਤ ਜ਼ਿਲ੍ਹਾ ਭਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਡੀ ਸੀ ਦਫ਼ਤਰ ਅੱਗੇ ਬਲੈਕ ਡੇਅ ਮਨਾਉਂਦਿਆਂ ਪੰਜਾਬ ਸਰਕਾਰ ਖਿਲਾਫ਼ ਰੋਸ ਧਰਨਾ ਦਿੱਤਾ ਗਿਆ।
ਧਰਨੇ ਦੌਰਾਨ ਉਸ ਸਮੇਂ ਵਰਕਰਾਂ ਅਤੇ ਪੁਲੀਸ ਵਿਚਕਾਰ ਖਿੱਚ-ਧੂਹ ਹੋਈ ਜਦੋਂ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ ਮੰਗ ਪੱਤਰ ਲੈਣ ਨਾ ਪੁੱਜਿਆ। ਇਸ ਦੌਰਾਨ ਵਰਕਰਾਂ ਅਤੇ ਪੁਲੀਸ ਵਿਚਕਾਰ ਖਿੱਚ-ਧੂਹ ਹੋਈ ਜਿਸ ਦੌਰਾਨ ਕਰੀਬ ਤਿੰਨ ਵਰਕਰਾਂ ਨੂੰ ਕੁੱਝ ਸੱਟਾਂ ਵੀ ਲੱਗੀਆਂ ਹਨ। ਰੋਹ ਵਿਚ ਆਈਆਂ ਵਰਕਰਾਂ ਪੁਲੀਸ ਵਲੋਂ ਬੰਦ ਕੀਤਾ ਡੀ ਸੀ ਕੰਪਲੈਕਸ ਦਾ ਮੁੱਖ ਗੇਟ ਜਬਰੀ ਧੂਹ ਕੇ ਖੋਲ੍ਹਦਿਆਂ ਅੰਦਰ ਦਾਖਲ ਹੋ ਗਈਆਂ ਅਤੇ ਕੰਪਲੈਕਸ ਅੰਦਰ ਡੀ ਸੀ ਦਫ਼ਤਰ ਅੱਗੇ ਪੁੱਜ ਗਈਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਲਗਾ ਦਿੱਤਾ।
ਇਸ ਤੋਂ ਪਹਿਲਾਂ ਡੀ ਸੀ ਕੰਪਲੈਕਸ ਅੱਗੇ ਰੋਸ ਧਰਨੇ ਨੂੰ ਯੂਨੀਅਨ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਊਸ਼ਾ ਰਾਣੀ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੀਲੋਵਾਲ, ਜਨਰਲ ਸਕੱਤਰ ਮਨਦੀਪ ਕੁਮਾਰੀ, ਡਿਪਟੀ ਜਨਰਲ ਸਕੱਤਰ ਸ਼ਿੰਦਰ ਕੌਰ ਬੜੀ ਅਤੇ ਖਜ਼ਾਨਚੀ ਹਰਪ੍ਰੀਤ ਕੌਰ ਛਾਜਲੀ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਵਾਅਦਾ ਖਿਲਾਫ਼ੀ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਅਲੋਚਨਾ ਕੀਤੀ।
ਕਾਮਰੇਡ ਊਸ਼ਾ ਰਾਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਹਜ਼ਾਰਾਂ ਵਰਕਰਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ।
ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਨੂੰ ਨਾ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ, ਨਾ ਪੈਨਸ਼ਨ, ਨਾ ਗਰੈਚੂਟੀ, ਨਾ ਸਮਾਜਿਕ ਸੁਰੱਖਿਆ, ਨਾ ਬੀਮਾ ਅਤੇ ਨਾ ਹੀ ਸਨਮਾਨਜਨਕ ਮਾਣ ਭੱਤਾ ਦਿੱਤਾ ਗਿਆ ਜੋ ਬੇਇਨਸਾਫ਼ੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਆਂਗਣਵਾੜੀ ਵਰਕਰਾਂ ਉਪਰ ਨਿੱਤ ਨਵੇਂ ਬੋਝ ਪਾ ਰਹੀਆਂ ਹਨ। ਮੋਬਾਇਲ ਫੋਨ, ਇੰਟਰਨੈਟ ਅਤੇ ਹੋਰ ਸਹੂਲਤਾਂ ਬਗੈਰ ਆਨਲਾਈਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵਿਭਾਗੀ ਧੱਕੇਸ਼ਾਹੀ, ਪ੍ਰਸ਼ਾਸ਼ਨਿਕ ਜ਼ੁਲਮ ਅਤੇ ਆਰਥਿਕ ਹਮਲੇ ਲਗਾਤਾਰ ਵੱਧ ਰਹੇ ਹਨ ਜਿਸ ਕਾਰਨ ਹੀ ਵਰਕਰਾਂ ਅੱਜ ਕਾਲਾ ਦਿਨ ਮਨਾ ਰਹੀਆਂ ਹਨ।
ਡੀ ਸੀ ਕੰਪਲੈਕਸ ਅੰਦਰ ਧਰਨੇ ’ਤੇ ਡਟੀਆਂ ਆਂਗਣਵਾੜੀ ਵਰਕਰਾਂ ਤੋਂ ਐਸ ਡੀ ਐਮ ਵਲੋਂ ਮੰਗ ਪੱਤਰ ਲਿਆ ਗਿਆ ਅਤੇ 23 ਜੁਲਾਈ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾਈ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।

