Sangrur Akali Protest: ਅਕਾਲੀਆਂ ਵੱਲੋਂ ਕਾਲੇ ਚੋਲੇ ਪਾ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ
ਮੋਹਣਜੀਤ ਸਿੰਘ ਤੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ
Sangrur Akali Protest: ਪਿੰਡ ਸ਼ੇਰੋਂ ਦੇ ਮੋਹਣਜੀਤ ਸਿੰਘ ਅਤੇ ਪਿੰਡ ਤੂਰਬੰਜਾਰਾ ਦੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਣੀ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਚੱਲ ਰਹੇ ਲੜੀਵਾਰ ਰੋਸ ਧਰਨੇ ਦੇ ਅੱਠਵੇਂ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਚੋਲੇ ਪਾ ਕੇ ਕੋਠੀ ਵੱਲ ਰੋਸ ਮਾਰਚ ਕੀਤਾ ਗਿਆ ਅਤੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਦੀ ਅਗਵਾਈ ਹੇਠ ਅਕਾਲੀ ਵਰਕਰ ਜੇਜੀ ਪੈਲੇਸ ਨੇੜੇ ਇਕੱਠੇ ਹੋਏ। ਇਸ ਮੌਕੇ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਅਤੇ ਸੂਬਾ ਮੀਤ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆਂ ਵੀ ਮੌਜੂਦ ਸਨ। ਅਕਾਲੀ ਆਗੂਆਂ ਵੱਲੋਂ ਵੱਖ-ਵੱਖ ਨਾਅਰਿਆਂ ਵਾਲੇ ਕਾਲੇ ਚੋਲੇ ਪਾ ਕੇ ਮੁੱਖ ਮੰਤਰੀ ਦੀ ਕੋਠੀ ਨੇੜੇ ਚੱਲ ਰਹੇ ਰੋਸ ਧਰਨੇ ਵਾਲੇ ਸਥਾਨ ਤੱਕ ਰੋਸ ਮਾਰਚ ਕੀਤਾ ਗਿਆ। ਇੱਥੇ ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਨਸ਼ਿਆਂ ਦੇ ਵੱਧ ਰਹੇ ਕਹਿਰ ਕਾਰਨ ਨੌਜਵਾਨ ਪੀੜ੍ਹੀ ਤਬਾਹੀ ਕੰਢੇ ਪਹੁੰਚ ਰਹੀ ਹੈ। ਕਈ ਪਰਿਵਾਰ ਉਜੜ ਚੁੱਕੇ ਹਨ ਅਤੇ ਇਲਾਕੇ ’ਚ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ, ਗੁਲਜ਼ਾਰ ਸਿੰਘ ਤੂਰਬੰਜ਼ਾਰਾ ਖੁਦਕੁਸ਼ੀ ਮਾਮਲੇ ਵਿਚ ਵਿੱਤ ਮੰਤਰੀ ਪੰਜਾਬ ਨੂੰ ਨਾਮਜ਼ਦ ਕੀਤਾ ਜਾਵੇ, ਮੋਹਣਜੀਤ ਸਿੰਘ ਸ਼ੇਰੋਂ ’ਤੇ ਹੋਏ ਕਥਿਤ ਤਸ਼ੱਦਦ ਦੇ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਨਸ਼ਾ ਤਸਕਰਾਂ ਦੇ ਕਾਰੋਬਾਰ ਨੂੰ ਰੋਕਣ ’ਚ ਨਾਕਾਮ ਰਹੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੋਂ ਅਸਤੀਫ਼ਾ ਲਿਆ ਜਾਵੇ। ਇਸ ਮੌਕੇ ਅਕਾਲੀ ਆਗੂ ਗੁਲਜ਼ਾਰ ਸਿੰਘ ਮੂਨਕ, ਰਣਜੀਤ ਸਿੰਘ ਕਾਤਰੋਂ, ਜਤਿੰਦਰ ਸਿੰਘ ਵਿੱਕੀ, ਪਰਮਜੀਤ ਕੌਰ ਵਿਰਕ, ਪਰਮਿੰਦਰ ਕੌਰ ਬਰਾੜ, ਨਿਰਮਲ ਸਿੰਘ ਕੜੈਲ, ਮੋਹਣਜੀਤ ਸਿੰਘ ਸ਼ੇਰੋਂ ਅਤੇ ਮ੍ਰਿਤਕ ਗੁਲਜ਼ਾਰ ਸਿੰਘ ਤੂਰਬੰਜ਼ਾਰਾ ਦਾ ਪੁੱਤਰ ਲਖਵਿੰਦਰ ਸਿੰਘ ਵੀ ਸ਼ਾਮਲ ਹੋਇਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਊਟੀ ਮੈਜਿਸਟ੍ਰੇਟ ਨੂੰ ਮੰਗ ਪੱਤਰ ਵੀ ਸੌਂਪਿਆ। ਜ਼ਿਕਰਯੋਗ ਹੈ ਕਿ ਮੋਹਣਜੀਤ ਇਨਸਾਫ਼ ਸੰਘਰਸ਼ ਕਮੇਟੀ ਵੱਲੋਂ ਬੀਤੀ 21 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿੱਚ ਅਰਦਾਸ ਕਰਨ ਉਪਰੰਤ 22 ਸਤੰਬਰ ਤੋਂ ਮੁੱਖ ਮੰਤਰੀ ਦੀ ਕੋਠੀ ਨੇੜੇ ਲੜੀਵਾਰ ਰੋਸ ਧਰਨਾ ਲਾਇਆ ਹੋਇਆ ਹੈ। ਆਪਣੀ ਵਾਰੀ ਮੁਤਾਬਕ ਰੋਜ਼ਾਨਾ ਇੱਕ ਜਥੇਬੰਦੀ/ਪਾਰਟੀ ਵਲੋਂ ਰੋਸ ਧਰਨੇ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।
ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਵੱਲ ਕਾਲੇ ਚੋਲੇ ਪਾ ਕੇ ਮਾਰਚ ਕਰਦੇ ਹੋਏ ਅਕਾਲੀ ਆਗੂ।

