ਸਹਿਜਪੁਰਾ ਰੋਡ ’ਤੇ ਸਥਿਤ ‘ਬੈਸਟ ਕਾਟਨ ਯਾਰਨ ਫੈਕਟਰੀ’ ਵਿੱਚ ਐਤਵਾਰ ਸਵੇਰੇ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਣ ’ਤੇ ਪਾਣੀ ਦੀਆਂ ਗੱਡੀਆਂ ਸਮੇਤ ਪਹੁੰਚੇ ਫਾਇਰ ਬ੍ਰਿਗੇਡ ਦੇ ਦਸਤੇ ਨੇ 2 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਕੱਚਾ ਮਾਲ, ਬਿਲਡਿੰਗ ਅਤੇ ਮਸ਼ੀਨਰੀ ਬੁਰੀ ਤਰ੍ਹਾਂ ਸੜ ਜਾਣ ਕਾਰਨ ਭਾਰੀ ਨੁਕਸਾਨ ਹੋ ਚੁੱਕਾ ਸੀ।
ਇਸ ਸਬੰਧੀ ਪ੍ਰਾਈਮ ਫੈਕਟਰੀ ਦੇ ਮਾਲਕ ਸੁਧੀਸ਼ ਜੈਨ ਨੇ ਦੱਸਿਆ ਕਿ ਐਤਵਾਰ ਸਵੇਰੇ ਲਗਭਗ 10 ਵਜੇ ਫੈਕਟਰੀ ਦੀ ਮਸ਼ੀਨ ਵਿੱਚ ਅੱਗ ਲੱਗੀ ਦੇਖੀ। ਇਸ ’ਤੇ ਫੈਕਟਰੀ ਵਿੱਚ ਕੰਮ ਕਰਦੇ 25-30 ਮਜ਼ਦੂਰਾਂ ਅਤੇ ਹੋਰਨਾਂ ਨੇ ਫੈਕਟਰੀ ਦੀ ਟੈਂਕੀ ਦੇ ਪਾਣੀ ਅਤੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੂਚਨਾ ਦਿੱਤੇ ਜਾਣ ’ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਦੋ ਘੰਟਿਆ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਗੁਦਾਮ ਦੇ ਸ਼ੈੱਡ ਦੀਆਂ ਚਾਦਰਾਂ ਵੀ ਤਿੜਕ ਗਈਆਂ। ਉਨ੍ਹਾਂ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਅਨੁਸਾਰ ਕੱਚਾ ਮਾਲ, ਬਿਲਡਿੰਗ ਅਤੇ ਮਸ਼ੀਨਰੀ ਸੜਨ ਕਾਰਨ ਲਗਭਗ 35 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਮਾਲਕਾਂ ਵੱਲੋਂ ਸੂਚਨਾ ਦਿੱਤੇ ਜਾਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

