ਪਵਨ ਕੁਮਾਰ ਵਰਮਾ
ਧੂਰੀ, 27 ਜੁਲਾਈ
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਆਧਾਰ ’ਤੇ ਬਣੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਪੂਰੇ ਪੰਜਾਬ ਵਿੱਚ ਵਿਧਾਇਕਾਂ, ਲੋਕ ਸਭਾ ਮੈਂਬਰਾਂ ਨੂੰ 27, 28, 29 ਜੁਲਾਈ ਨੂੰ ਰੋਸ ਮਾਰਚ ਕਰਕੇ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੀ ਲੜੀ ਵਜੋਂ ਅੱਜ ਧੂਰੀ ਵਿੱਚ ਇਕੱਠੇ ਹੋ ਕੇ ਰੈਲੀ ਕਰਨ ਉਪਰੰਤ ਰੋਸ ਮਾਰਚ ਕਰਦੇ ਹੋਏ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਧਰਨੇ ਦੀ ਅਗਵਾਈ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ,ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਨਿਰਮਲ ਸਿੰਘ ਬਟੜਿਆਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਭਗਵਾਨ ਮੂਨਕ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕੈਪਟਨ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਅੱਜ ਦੇ ਧਰਨੇ ਵਿਚ ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਵਾਪਸ ਕਰਵਾਉਣ ਲਈ ਅਤੇ ਖੇਤੀ ਵਿਰੋਧੀ ਪਾਸ ਕੀਤੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਆਵਾਜ਼ ਉਠਾਈ। ਇਸ ਦੌਰਾਨ 9,10,11 ਅਗਸਤ ਨੂੰ ਪਟਿਆਲਾ ਦੇ ਮੋਤੀ ਮਹਿਲ ਵਾਲੇ ਧਰਨੇ ਸਬੰਧੀ ਵੀ ਲਾਮਬੰਦੀ ਕੀਤੀ ਗਈ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ (ਪੰਜਾਬ) ਦੇ ਪ੍ਰਧਾਨ ਬਲਜੀਤ ਸਿੰਘ, ਘੁਮੰਡ ਸਿੰਘ,ਪੰਜਾਬ ਖੇਤ ਮਜ਼ਦੂਰ ਸਭਾ ਦੇ ਲਖਮੀਰ ਸਿੰਘ, ਸੁਖਦੇਵ ਸ਼ਰਮਾ ਸੂਬਾ ਸਕੱਤਰ (ਏਟਕ) , ਅਮਰਜੀਤ ਸਿੰਘ ਬੇਨੜਾ, ਮਾਸਟਰ ਰਾਮ ਸਿੰਘ , ਬਲਵਿੰਦਰ ਸਿੰਘ , ਅਮਰ ਸਿੰਘ, ਲੀਲਾ ਖਾਨ ਮਨਰੇਗਾ ਆਗੂ, ਸਰਬਜੀਤ ਕੌਰ ਸਦੋਪੁਰ ਪੰਜਾਬ ਖੇਤ ਮਜ਼ਦੂਰ ਸਭਾ ਦੀ ਆਗੂ, ਸੁਰਿੰਦਰ ਭੈਣੀ ਹਾਜ਼ਰ ਸਨ।