ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਹੰਗਾਮਾ
ਇੱਥੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਦੀ ਚੋਣ ਲਈ ਭਾਰੀ ਹੰਗਾਮਾ ਹੋ ਗਿਆ। ਟਰੱਕ ਯੂਨੀਅਨ ਦੀ ਇੱਕ ਧਿਰ ਵੱਲੋਂ ਮਾਲਵਿੰਦਰ ਸਿੰਘ ਮਾਲਾ ਅਤੇ ਦੂਜੀ ਧਿਰ ਵੱਲੋਂ ਲਵਲੀ ਸ਼ਰਮਾ ਕਾਕੜਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਇਸ ਦੌਰਾਨ ਟਰੱਕ ਯੂਨੀਅਨ ਦੇ ਸਾਬਕਾ...
ਇੱਥੇ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਦੀ ਚੋਣ ਲਈ ਭਾਰੀ ਹੰਗਾਮਾ ਹੋ ਗਿਆ। ਟਰੱਕ ਯੂਨੀਅਨ ਦੀ ਇੱਕ ਧਿਰ ਵੱਲੋਂ ਮਾਲਵਿੰਦਰ ਸਿੰਘ ਮਾਲਾ ਅਤੇ ਦੂਜੀ ਧਿਰ ਵੱਲੋਂ ਲਵਲੀ ਸ਼ਰਮਾ ਕਾਕੜਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਇਸ ਦੌਰਾਨ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਤੂਰ, ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਤੂਰ, ਸਾਬਕਾ ਪ੍ਰਧਾਨ ਜਗਮੀਤ ਸਿੰਘ ਬਲਿਆਲ, ਸਾਬਕਾ ਪ੍ਰਧਾਨ ਭਰਭੂਰ ਸਿੰਘ ਫੱਗੂਵਾਲਾ, ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਬਾਲਦ, ਲਵਲੀ ਸ਼ਰਮਾ ਕਾਕੜਾ ਤੇ ਹਰਵਿੰਦਰ ਸਿੰਘ ਗੋਲਡੀ ਤੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਯੂਨੀਅਨ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਡੀ ਐੱਸ ਪੀ ਭਵਾਨੀਗੜ੍ਹ ਦੇ ਦਫ਼ਤਰ ਬੁਲਾਇਆ ਗਿਆ ਪਰ ਜਦੋਂ ਉਹ ਉਥੇ ਪਹੁੰਚ ਗਏ ਤਾਂ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਥੇ ਹੀ ਬਿਠਾ ਲਿਆ।
ਇਸੇ ਦੌਰਾਨ ਦੂਜੀ ਧਿਰ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ, ਸਾਬਕਾ ਪ੍ਰਧਾਨ ਸੁਖਮਿੰਦਰਪਾਲ ਸਿੰਘ ਤੂਰ ਅਤੇ ਸਰਬਜੀਤ ਸਿੰਘ ਬਿੱਟੂ ਨੇ ਮਾਲਵਿੰਦਰ ਸਿੰਘ ਮਾਲਾ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਐਲਾਨ ਦਿੱਤਾ।
ਇਸੇ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਡੀ ਐੱਸ ਪੀ ਦਫ਼ਤਰ ਪਹੁੰਚ ਕੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨੂੰ ਛੁਡਵਾ ਕੇ ਬਾਹਰ ਲਿਆਂਦਾ ਗਿਆ।
ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੂੰ ਟਰੱਕ ਅਪਰੇਟਰਾਂ ਦੇ ਨੁਮਾਇੰਦਿਆਂ ਨਾਲ ਇਸ ਤਰ੍ਹਾਂ ਵਿਹਾਰ ਨਹੀਂ ਕਰਨਾ ਚਾਹੀਦਾ। ਬਾਹਰ ਆਏ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਨ੍ਹਾਂ ਨੇ ਟਰੱਕ ਯੂਨੀਅਨ ਵਿੱਚ ਪਹੁੰਚ ਕੇ ਆਪਣੇ ’ਚੋਂ ਲਵਲੀ ਸ਼ਰਮਾ ਕਾਕੜਾ ਨੂੰ ਪ੍ਰਧਾਨ ਬਣਾ ਦਿੱਤਾ।
ਇਸ ਦੌਰਾਨ ਜਦੋਂ ਲਵਲੀ ਸ਼ਰਮਾ ਕਾਕੜਾ ਆਪਣੇ ਸਮਰਥਕਾਂ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਟਰੱਕ ਯੂਨੀਅਨ ਵਿੱਚ ਦਾਖ਼ਲ ਹੋਣ ਲੱਗਿਆ ਤਾਂ ਪੁਲੀਸ ਲਵਲੀ ਸ਼ਰਮਾ ਕਾਕੜਾ ਨੂੰ ਜਬਰੀ ਧੂਹ ਕੇ ਗੱਡੀ ਵਿੱਚ ਸੁੱਟ ਕੇ ਲੈ ਗਈ ਅਤੇ ਟਰੱਕ ਅਪਰੇਟਰਾਂ ’ਤੇ ਹਲਕਾ ਲਾਠੀਚਾਰਜ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਟਰੱਕ ਅਪਰੇਟਰਾਂ ਨੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਦਿੱਤਾ।
ਜਾਮ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਲਵਲੀ ਸ਼ਰਮਾ ਕਾਕੜਾ ਨੂੰ ਅਪਰੇਟਰਾਂ ਵੱਲੋਂ ਪ੍ਰਧਾਨ ਬਣਾਇਆ ਗਿਆ ਹੈ ਅਤੇ ਪੁਲੀਸ ਪ੍ਰਸ਼ਾਸਨ ਧੱਕੇਸ਼ਾਹੀ ਕਰ ਰਿਹਾ ਹੈ। ਟਰੱਕ ਅਪਰੇਟਰਾਂ ਨੇ ਤਾੜਨਾ ਕੀਤੀ ਕਿ ਜਦੋਂ ਤੱਕ ਲਵਲੀ ਸ਼ਰਮਾ ਕਾਕੜਾ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਜਾਮ ਜਾਰੀ ਰਹੇਗਾ। ਦੂਜੇ ਪਾਸੇ ਕੌਮੀ ਮਾਰਗ ’ਤੇ ਜਾਮ ਕਾਰਨ ਗਰਮੀ ਵਿੱਚ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸੇ ਦੌਰਾਨ ਦੇਰ ਸ਼ਾਮ ਡੀ ਐੱਸ ਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਦੀ ਮੌਜੂਦਗੀ ਵਿੱਚ ਜਾਮ ਖੁੱਲ੍ਹਵਾਉਣ ਨੂੰ ਲੈ ਕੇ ਪੁਲੀਸ ਅਤੇ ਧਰਨਾਕਾਰੀ ਟਰੱਕ ਅਪਰੇਟਰਾਂ ਵਿੱਚ ਟਕਰਾਅ ਹੋ ਗਿਆ ਜਿਸ ਵਿੱਚ ਕਈ ਟਰੱਕ ਅਪਰੇਟਰਾਂ ਅਤੇ ਪੁਲੀਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ। ਭਵਾਨੀਗੜ੍ਹ ਪੁਲੀਸ ਦੇ ਵਾਹਨ ਵੀ ਨੁਕਸਾਨੇ ਗਏ। ਇਸ ਤੋਂ ਬਾਅਦ ਐੱਸ ਪੀ ਸੰਗਰੂਰ ਛਿੱਬਰ ਵੱਲੋਂ ਜਾਮ ਖੁੱਲ੍ਹਵਾਇਆ ਗਿਆ।
ਪੁਲੀਸ ਨੇ ਚੋਣ ’ਚ ਦਖ਼ਲ ਨਹੀਂ ਦਿੱਤਾ: ਡੀ ਐੱਸ ਪੀ
ਡੀ ਐੱਸ ਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਮਨ-ਸ਼ਾਂਤੀ ਕਾਇਮ ਰੱਖਣ ਲਈ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਟਰੱਕ ਯੂਨੀਅਨ ਦੀ ਚੋਣ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਗਈ।

