ਡੀਸੀ ਵੱਲੋਂ ਲਾਇਬ੍ਰੇਰੀ ਦੇ ਨਵੀਨੀਕਰਨ ਦਾ ਜਾਇਜ਼ਾ : The Tribune India

ਡੀਸੀ ਵੱਲੋਂ ਲਾਇਬ੍ਰੇਰੀ ਦੇ ਨਵੀਨੀਕਰਨ ਦਾ ਜਾਇਜ਼ਾ

ਡੀਸੀ ਵੱਲੋਂ ਲਾਇਬ੍ਰੇਰੀ ਦੇ ਨਵੀਨੀਕਰਨ ਦਾ ਜਾਇਜ਼ਾ

ਜ਼ਿਲ੍ਹਾ ਲਾਇਬਰੇਰੀ ਦੇ ਦੌਰੇ ਦੌਰਾਨ ਕੰਮ ਦਾ ਜਾਇਜ਼ਾ ਲੈਂਦੇ ਹੋਏ ਜਤਿੰਦਰ ਜੋਰਵਾਲ।

ਗੁਰਦੀਪ ਸਿੰਘ ਲਾਲੀ

ਸੰਗਰੂਰ, 4 ਦਸੰਬਰ

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹਾ ਲਾਇਬ੍ਰੇਰੀ ਦਾ ਦੌਰਾ ਕਰ ਕੇ ਨਵੀਨੀਕਰਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਨੂੰ ਹਰ ਪੱਖੋਂ ਆਧੁਨਿਕ ਦਿੱਖ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਵੱਲ ਉਤਸ਼ਾਹਿਤ ਕਰਨ ਲਈ ਅਤੇ ਪੜ੍ਹਾਈ ਲਈ ਉਸਾਰੂ ਮਾਹੌਲ ਪ੍ਰਦਾਨ ਕਰਨ ਲਈ ਲਾਇਬ੍ਰੇਰੀਆਂ ਦਾ ਕਾਇਆ ਕਲਪ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਸ ਤਹਿਤ ਜ਼ਿਲ੍ਹਾ ਲਾਇਬ੍ਰੇਰੀ ਦਾ ਨਵੀਨੀਕਰਨ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਗਲੇ ਤਿੰਨ ਮਹੀਨਿਆਂ ਅੰਦਰ ਇਸ ਲਾਇਬ੍ਰੇਰੀ ਦੇ ਜ਼ਮੀਨੀ ਹਿੱਸੇ ਤੇ ਪਹਿਲੀ ਮੰਜ਼ਿਲ ਵਿੱਚ ਲੋੜੀਂਦੇ ਸਿਵਲ ਤੇ ਤਕਨੀਕੀ ਕਾਰਜ ਕਰਵਾ ਕੇ ਇਥੇ ਆਉਣ ਵਾਲੇ ਵਿਦਿਆਰਥੀਆਂ ਲਈ ਹਰ ਬਿਹਤਰ ਸੁਵਿਧਾ ਦਾ ਇੰਤਜ਼ਾਮ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੇ ਬਾਹਰੀ ਹਿੱਸੇ ਤੇ ਆਲੇ ਦੁਆਲੇ ਦਾ ਸੁੰਦਰੀਕਰਨ ਵੀ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਲਾਇਬ੍ਰੇਰੀ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਨੂੰ ਪੂਰੀ ਤਰ੍ਹਾਂ ਏ.ਸੀ ਕਰਨ ਦੇ ਨਾਲ ਨਾਲ ਇਥੇ ਸਿੱਖਿਆਰਥੀਆਂ ਲਈ ਪੁਰਾਤਨ ਦੁਰਲਭ ਪੁਸਤਕਾਂ, ਰੈਫਰੈਂਸ ਮੈਗਜ਼ੀਨਾਂ ਅਤੇ ਹੋਰ ਮਹੱਤਵਪੂਰਨ ਪੁਸਤਕਾਂ ਦੀ ਬਿਹਤਰ ਢੰਗ ਨਾਲ ਸੰਭਾਲ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All