ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੁਲਾਈ
ਸਿਹਤ ਵਿਭਾਗ ਸੰਗਰੂਰ ਵੱਲੋਂ ਅੱਜ ਕੌਮੀ ਡਾਕਟਰ ਦਿਵਸ ਮੌਕੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਡਾਕਟਰ ਨੂੰ ਸਮਾਜ ਵਿੱਚ ਰੱਬ ਦਾ ਰੁਤਬਾ ਦਿੱਤਾ ਗਿਆ ਹੈ ਜੋ ਮਨੁੱਖੀ ਜਾਨਾਂ ਨੂੰ ਬਚਾਉਂਦੇ ਹਨ। ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਲੋੜਵੰਦਾਂ ਦੀ ਸੇਵਾ ਇਸੇ ਤਰ੍ਹਾਂ ਹੀ ਜਾਰੀ ਰੱਖਣ ਲਈ ਅਪੀਲ ਕੀਤੀ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਅੱਜ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਕੌਮੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਡਾ. ਪ੍ਰਭਸਿਮਰਨ ਸਿੰਘ, ਡਾ. ਰਚਿਤਾ, ਡਾ. ਚਨਮਦੀਪ ਰੇਖੀ, ਡਾ. ਪੂਨਮ ਧੀਰ, ਡਾ. ਨਿਧੀ ਗੁਪਤਾ, ਡਾ. ਹਰਬੰਸ ਸਿੰਘ, ਡਾ. ਹੇਮੰਤ, ਡਾ. ਕਰਨਵੀਰ, ਡਾ. ਦਮਨ ਲਤਾ, ਡਾ. ਜਗਜੀਤ ਸਿੰਘ ਦਾ ਸਨਮਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਡਾਕਟਰ ਸਾਡੇ ਸਮਾਜ ਦੇ ਸੱਚੇ ਸਾਥੀ ਹਨ ਅਤੇ ਉਹ ਹਰ ਸਮੇਂ ਸਮਾਜ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ 19 ਮਹਾਮਾਰੀ ਦੌਰਾਨ ਵਿਸ਼ਵ ਭਰ ਦੇ ਡਾਕਟਰ ਜਿਸ ਤਰ੍ਹਾਂ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਲੱਗੇ ਹੋਏ ਹਨ, ਉਹ ਇੱਕ ਮਿਸਾਲੀ ਸੇਵਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਭੁਪਿੰਦਰ ਸਿੰਘ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਇੰਦਰਜੀਤ ਸਿੰਗਲਾ, ਡੀ.ਐੱਮ.ਸੀ. ਡਾ. ਵਿਕਾਸ ਧੀਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ, ਡਾ.ਸੰਜੇ ਮਾਥੁਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।