ਪੱਤਰ ਪ੍ਰੇਰਕ
ਸੰਗਰੂਰ, 17 ਸਤੰਬਰ
ਮਾਲਵਾ ਲਿਖਾਰੀ ਸਭਾ ਦੀ ਅਗਵਾਈ ਵਿਚ ਜ਼ਿਲ੍ਹਾ ਸੰਗਰੂਰ ਦੇ ਸਾਹਿਤਕਾਰਾਂ ਨੇ ਕੇਂਦਰ ਸਰਕਾਰ ਵੱਲੋਂ ਕੇਂਦਰੀ-ਸਾਸ਼ਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਸਰਕਾਰੀ ਸਭਾਵਾਂ ਦੀ ਜਾਰੀ ਕੀਤੀ ਗਈ ਸੂਚੀ ‘ਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕਰਵਾਉਣ ਲਈ ਅੱਜ ਅਨਮੋਲ ਸਿੰਘ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ਉਪਰੰਤ ਲੇਖਕਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਜਿਹਾ ਕਰਨਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਲਗਾਤਾਰ ਹੋ ਰਹੇ ਘ੍ਰਿਣਾਪੂਰਨ ਵਿਤਕਰੇ ਦੀ ਕੜੀ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਿਚ ਜ਼ਬਰਦਸਤੀ ਹਿੰਦੀ ਥੋਪਣ ਦੇ ਸਿਰਤੋੜ ਯਤਨ ਜਾਰੀ ਹਨ ਅਤੇ ਸਰਕਾਰ ਦੇਸ਼ ਦੀਆਂ ਸਮੁੱਚੀਆਂ ਮਾਤ-ਭਾਸ਼ਾਵਾਂ ਨੂੰ ਮਾਰਨ ਤੇ ਤੁਲੀ ਹੋਈ ਹੈ। ਲੇਖਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਤੋਂ ਜਿੱਤੇ ਹੋਏ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ਵਿਚ ਇਸ ਭਾਵਨਾਤਮਕ ਮੁੱਦੇ ’ਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਮੰਗ ਪੱਤਰ ਦੇਣ ਵਾਲਿਆਂ ਵਿਚ ਡਾ. ਮੀਤ ਖੱਟੜਾ, ਡਾ. ਇਕਬਾਲ ਸਿੰਘ, ਦਲਬਾਰ ਸਿੰਘ ਚੱਠੇ ਸੇਖਵਾਂ, ਕਰਮ ਸਿੰਘ ਜਖ਼ਮੀ, ਰਜਿੰਦਰ ਸਿੰਘ ਰਾਜਨ ਅਤੇ ਗੁਰਪ੍ਰੀਤ ਸਿੰਘ ਸਹੋਤਾ ਸ਼ਾਮਲ ਸਨ।