ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜੀ
ਕੇਂਦਰ ਅਤੇ ਪੰਜਾਬ ਸਰਕਾਰ ’ਤੇ ਪੀਡ਼ਤਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਏ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਟਰੈਕਟਰਾਂ ਦਾ ਕਾਫ਼ਲਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਗਿਆ। ਅਜਨਾਲਾ ਦੇ ਪਿੰਡਾਂ ਲਈ ਕਾਫ਼ਲੇ ਨੂੰ ਰਵਾਨਾ ਕਰਨ ਵੇਲੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ, ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕਿਸਾਨ ਆਗੂਆਂ ਨੇ ਦੱਸਿਆ ਕਿ ਜੋ ਇਹ ਹੜ੍ਹ ਆਏ ਹਨ, ਇਹ ਕੁਦਰਤੀ ਵਰਤਾਰਾ ਨਹੀਂ ਹੈ ਸਗੋਂ ਸਰਕਾਰ ਦੀ ਨਲਾਇਕੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਜਥੇਬੰਦੀ ਵੱਲੋਂ ਪਹਿਲਾਂ ਲੋੜ ਮੁਤਾਬਕ ਤੂੜੀ, ਆਚਾਰ ਬੀਜਣ ਲਈ ਕਣਕ ਅਤੇ ਰੇਹ ਆਦਿ ਵੱਡੇ ਪ੍ਰਬੰਧ ਕੀਤੇ ਗਏ ਹਨ ਪਰ ਪੰਜਾਬ ਅਤੇ ਕੇਂਦਰ ਦੀ ਸਰਕਾਰ ਅੱਖਾਂ ਮੀਟੀ ਬੈਠੀਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਜੇਕਰ ਹੜ੍ਹ ਪੀੜਤ ਇਲਾਕੇ ’ਚ ਟਰੈਕਟਰਾਂ ਦੀ ਹੋਰ ਲੋੜ ਪੈਂਦੀ ਹੈ ਤਾਂ ਟਰੈਕਟਰ ਕਰਾਹਾ ਸਮੇਤ ਦੁਬਾਰੇ ਵੀ ਭੇਜੇ ਜਾਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਹੜ੍ਹ ਪੀੜਤ ਕਿਸਾਨਾਂ ਮਜ਼ਦੂਰਾਂ ਵਾਸਤੇ ਜਥੇਬੰਦੀ ਦੀ ਤਰਫੋਂ 25 ਹਜ਼ਾਰ ਮਣ ਕਣਕ, 30 ਹਜ਼ਾਰ ਮਣ ਤੂੜੀ, 17 ਹਜ਼ਾਰ ਕੁਇੰਟਲ ਆਚਾਰ ਅਤੇ ਹਜ਼ਾਰਾਂ ਦੀ ਗਿਣਤੀ ’ਚ ਸੂਟ, ਬਿਸਤਰੇ, ਕੰਬਲ ਭੇਜੇ ਗਏ ਹਨ। ਇਸ ਤੋਂ ਇਲਾਵਾ ਚਾਰ ਹਜ਼ਾਰ ਏਕੜ ਵਾਸਤੇ ਕਣਕ ਦਾ ਬੀਜ ਦਿੱਤਾ ਗਿਆ ਹੈ। ਅੱਜ ਇਹ ਕਾਫ਼ਲਾ ਤੋਰਨ ਵੇਲੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ, ਜਸਵੰਤ ਸਿੰਘ ਤੋਲਾਵਾਲ, ਬਹਾਦਰ ਸਿੰਘ ਭਟਾਲ ਖੁਰਦ, ਜਗਤਾਰ ਸਿੰਘ ਲੱਡੀ, ਹਰਬੰਸ ਸਿੰਘ ਲੱਡਾ, ਬਲਵਿੰਦਰ ਸਿੰਘ ਘਨੌਰ ਜੱਟਾਂ, ਕਰਮਜੀਤ ਸਿੰਘ ਮੰਗਵਾਲ, ਅਮਨਦੀਪ ਸਿੰਘ ਮਹਿਲਾਂ, ਜਸਵੀਰ ਸਿੰਘ ਗੱਗੜਪੁਰ, ਹਰਬੰਸ ਸਿੰਘ ਛਾਜਲਾ ਤੇ ਹਰਜੀਤ ਸਿੰਘ ਮਹਿਲਾ ਆਦਿ ਹਾਜ਼ਰ ਸਨ।

