ਸੰਤ ਹਰਚੰਦ ਸਿੰਘ ਲੌਂਗੋਵਾਲ ਇੰਜਨੀਅਰਿੰਗ ਕਾਲਜ ਵਿਖੇ ਕੰਮ ਕਰਦੇ ਕੱਚੇ ਕਾਮਿਆਂ (ਮਾਲੀ, ਸਫ਼ਾਈ ਕਾਮੇ, ਕਾਰਪੇਂਟਰ, ਇਲੈਕਟਰੀਸ਼ਨ ਅਤੇ ਹੋਰ ਵੱਖ ਵੱਖ ਵਿਭਾਗਾਂ) ਨੇ ਆਪਣੇ ਮੰਗਾਂ ਮਸਲੇ ਉਠਾਉਣ ਲਈ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਮਿਲ ਕੇ ਪਿਛਲੇ ਇਕ ਸਾਲ ਤੋਂ ਆਪਣੀ ਯੂਨੀਅਨ ਰਜਿਸਟਰਡ ਕਰਾਉਣ ਦੀ ਕਾਰਵਾਈ ਆਰੰਭੀ ਹੋਈ ਸੀ। ਪਿਛਲੇ ਦਿਨੀਂ ਸਲਾਈਟ ਵਰਕਰ ਯੂਨੀਅਨ (ਇਫਟੂ) ਦੀ ਰਜਿਸਟਰੇਸ਼ਨ ਹੋਈ ਅਤੇ ਕਾਮਿਆਂ ਨੂੰ ਇਸ ਦਾ ਰਜਿਸਟਰੇਸ਼ਨ ਨੰਬਰ ਪ੍ਰਾਪਤ ਹੋ ਗਿਆ।ਅੱਜ ਸਲਾਈਟ ਵਿਖੇ ਪ੍ਰਧਾਨ ਬਲਤੇਜ ਸਿੰਘ ਦੀ ਅਗਵਾਈ ਹੇਠ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਾਰੇ ਕਾਮਿਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਲਾਈਟ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਨ੍ਹਾਂ ਮਾਮਲਿਆਂ ਨੂੰ ਉਠਾਉਣ ਲਈ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੀ ਪ੍ਰੇਰਨਾ ਸਦਕਾ ਕਾਮਿਆਂ ਨੇ ਸਲਾਈਟ ਵਿੱਚ ਆਪਣੀ ਯੂਨੀਅਨ ਬਣਾਈ ਅਤੇ ਜਿਸ ਰਾਹੀਂ ਇਹ ਆਪਣੇ ਹੱਕਾਂ ਦੀ ਰਾਖੀ ਵੀ ਕਰਨਗੇ। ਇਸ ਮੌਕੇ ਸਲਾਈਟ ਵਰਕਰ ਯੂਨੀਅਨ ਦੇ ਸਕੱਤਰ ਪ੍ਰਿਤਪਾਲ ਸਿੰਘ, ਖ਼ਜ਼ਾਨਚੀ ਭੁਪਿੰਦਰ ਸਿੰਘ ਪਿੰਡੀਆਂ, ਜਸਵੰਤ ਸਿੰਘ ਕੈਂਬੋਵਾਲ, ਸੁਖਬੀਰ ਸਿੰਘ ਲੋਹਾਖੇੜਾ, ਬਲਜੀਤ ਸਿੰਘ ਦੁੱਗਾਂ, ਨਾਜ਼ਮ ਸਿੰਘ ਸਮੇਤ ਵੱਡੀ ਗਿਣਤੀ ਵਰਕਰ ਹਾਜ਼ਰ ਸਨ।