ਜਬਰ ਜਨਾਹ ਦਾ ਮਾਮਲਾ: ਵਿਦਿਆਰਥਣ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨ ਯੂਨੀਅਨ ਨੇ ਥਾਣਾ ਘੇਰਿਆ : The Tribune India

ਜਬਰ ਜਨਾਹ ਦਾ ਮਾਮਲਾ: ਵਿਦਿਆਰਥਣ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨ ਯੂਨੀਅਨ ਨੇ ਥਾਣਾ ਘੇਰਿਆ

ਸਵਾ ਮਹੀਨੇ ਬਾਅਦ ਵੀ ਨਹੀਂ ਹੋਈ ਮੁਲਜ਼ਮ ਅਧਿਆਪਕ ਦੀ ਗ੍ਰਿਫ਼ਤਾਰੀ; ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ

ਜਬਰ ਜਨਾਹ ਦਾ ਮਾਮਲਾ: ਵਿਦਿਆਰਥਣ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨ ਯੂਨੀਅਨ ਨੇ ਥਾਣਾ ਘੇਰਿਆ

ਸੰਗਰੂਰ ਥਾਣੇ ਅੱਗੇ ਮੁਲਜ਼ਮ ਅਧਿਆਪਕ ਦੀ ਗ੍ਰਿਫ਼ਤਾਰੀ ਲਈ ਰੋਸ ਧਰਨਾ ਦਿੰਦੇ ਹੋਏ ਕਿਸਾਨ। ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 8 ਦਸੰਬਰ

ਇੱਕ ਸਕੂਲੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ਾਂ ਤਹਿਤ ਦਰਜ ਕੇਸ ਵਿਚ ਲੋੜੀਂਦੇ ਅਧਿਆਪਕ ਦੀ ਗ੍ਰਿਫਤਾਰੀ ਨਾ ਹੋਣ ਤੋਂ ਖਫ਼ਾ ਲੋਕਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸ਼ਹਿਰ ’ਚ ਥਾਣਾ ਸਿਟੀ ਪੁਲੀਸ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇੇ ਦੋਸ਼ ਲਾਇਆ ਕਿ ਘਟਨਾ ਨੂੰ ਕਰੀਬ ਸਵਾ ਮਹੀਨਾ ਬੀਤਣ ਅਤੇ ਕੇਸ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਿਸ ਕਾਰਨ ਲੋਕਾਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਿਆ ਹੈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਧੂਰੀ ਦੇ ਪ੍ਰਧਾਨ ਹਰਬੰਸ ਸਿੰਘ ਲੱਡਾ ਨੇ ਦੱਸਿਆ ਕਿ ਇੱਕ ਪਿੰਡ ਦੀ ਵਸਨੀਕ ਲੜਕੀ ਗਿਆਰਵੀਂ ਕਲਾਸ ਦੀ ਵਿਦਿਆਰਥਣ ਹੈ ਜੋ ਕਿ ਆਪਣੀਆਂ ਜਮਾਤੀ ਵਿਦਿਆਰਥਣਾਂ ਨਾਲ ਬੀਤੀ 28 ਅਕਤੂਬਰ ਨੂੰ ਬੱਸ ਸਟੈਂਡ ਸੰਗਰੂਰ ਪੁੱਜੀ ਸੀ ਜਿਥੋਂ ਅਧਿਆਪਕ ਇਕੱਲੀ ਵਿਦਿਆਰਥਣ ਨੂੰ ਆਪਣੇ ਨਾਲ ਲੈ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਅਧਿਆਪਕ ਖ਼ਿਲਾਫ਼ 3 ਨਵੰਬਰ 2022 ਨੂੰ ਜਬਰ ਜਨਾਹ ਦੇ ਦੋਸ਼ ਹੇਠ ਕੇਸ ਦਰਜ ਹੋ ਗਿਆ ਸੀ ਪਰੰਤੂ ਅਜੇ ਤੱਕ ਮੁਲਜ਼ਮ ਅਧਿਆਪਕ ਦੀ ਗ੍ਰਿਫ਼ਤਾਰੀ ਨਹੀਂ ਹੋਈ ਜਿਸ ਕਾਰਨ ਪੀੜਤ ਪਰਿਵਾਰ ਅਤੇ ਲੋਕਾਂ ਵਿਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਅਧਿਆਪਕ ਜਗਰਾਜ ਸਿੰਘ ਪਿੰਡ ਲੱਡਾ ਦੇ ਸਕੂਲ ਵਿਚ ਤਾਇਨਾਤ ਹੈ ਜਿਸ ਦੀ ਰਿਹਾਇਸ਼ ਸੰਗਰੂਰ ਸ਼ਹਿਰ ਵਿੱਚ ਹੈ। ਇਸ ਅਧਿਆਪਕ ਨੇ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਕਲੰਕਿਤ ਕੀਤਾ ਹੈ ਜਿਸ ਦੀ ਤੁਰੰਤ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। ਇਸ ਮੌਕੇ ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਕੇਸ ਵਿਚ ਲੋੜੀਂਦੇ ਅਧਿਆਪਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਵਲੋਂ ਥਾਣੇ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਹਰਪਾਲ ਸਿੰਘ ਪੇਧਨੀ, ਬਲਵਿੰਦਰ ਸਿੰਘ ਕਾਕਾ, ਅਮਰੀਕ ਸਿੰਘ ਹਰੇੜੀ, ਦਰਸ਼ਨ ਸਿੰਘ ਕਿਲਾਹਕੀਮਾਂ, ਰਾਮ ਸਿੰਘ ਕੱਕੜਵਾਲ, ਕਰਮਜੀਤ ਸਿੰਘ ਭਲਵਾਨ, ਜਰਨੈਲ ਸਿੰਘ ਸੁਲਤਾਨਪੁਰ, ਗੁਰਦੇਵ ਸਿੰਘ ਲੱਡਾ, ਮਹਿੰਦਰ ਸਿੰਘ ਭਸੌੜ ਆਫਿਦ ਆਗੂ ਮੌਜੂਦ ਸਨ। ਰੋਸ ਧਰਨੇ ਦੌਰਾਨ ਪੁੱਜੇ ਡੀਐਸਪੀ ਅਜੇਪਾਲ ਸਿੰਘ ਅਤੇ ਥਾਣਾ ਸਿਟੀ ਇੰਚਾਰਜ ਮਾਲਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਜਬਰ ਜਨਾਹ ਦੇ ਕੇਸ ਵਿਚ ਲੋੜੀਂਦੇ ਅਧਿਆਪਕ ਨੂੰ ਤਿੰਨ/ਚਾਰ ਦਿਨਾਂ ਵਿਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐਸਪੀ ਦੇ ਭਰੋਸੇ ਮਗਰੋਂ ਕਿਸਾਨਾਂ ਤੇ ਲੋਕਾਂ ਨੇ ਧਰਨਾ ਸਮਾਪਤ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All