ਬਿਜਲੀ ਸੋਧ ਬਿੱਲ ਖ਼ਿਲਾਫ਼ ਰੈਲੀਆਂ

ਬਿਜਲੀ ਸੋਧ ਬਿੱਲ ਖ਼ਿਲਾਫ਼ ਰੈਲੀਆਂ

ਸੰਗਰੂਰ ਵਿੱਚ ਬਿਜਲੀ ਐਕਟ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੈਨਸ਼ਨਰਜ਼ ਅਤੇ ਮੁਲਾਜ਼ਮ।- ਫੋਟੋ: ਲਾਲੀ

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੂਨ

ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿਲ-2020 ਪਾਸ ਕਰਨ ਵੱਲ ਚੁੱਕੇ ਜਾ ਰਹੇ ਕਦਮਾਂ ਖ਼ਿਲਾਫ਼ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਐਂਪਲਾਈਜ਼ ਅਤੇ ਇੰਜੀਨੀਅਰ ਦੇ ਸੱਦੇ ’ਤੇ ਬਿਜਲੀ ਕਰਮਚਾਰੀਆਂ ਵਲੋਂ ਇਥੇ ਪਾਵਰਕੌਮ ਦੇ ਸਰਕਲ ਦਫ਼ਤਰ ਅੱਗੇ ਕਾਲੇ ਬਿੱਲੇ ਲਗਾ ਕੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਐਂਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਸੂਬਾ ਆਗੂਆਂ ਫਲਜੀਤ ਸਿੰਘ, ਪ੍ਰਿਤਪਾਲ ਸਿੰਘ, ਅਸ਼ਵਨੀ ਕੁਮਾਰ ਸਰਕਲ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿਲ 2020 ਦਾ ਖਰੜਾ 17 ਅਪਰੈਲ ਨੂੰ ਬੜੀ ਫੁਰਤੀ ਨਾਲ ਜਾਰੀ ਕਰਕੇ 5 ਜੂਨ ਤੱਕ ਪ੍ਰਭਾਵਿਤ ਧਿਰਾਂ ਤੋਂ ਆਪਣੀਆਂ ਟਿੱਪਣੀਆਂ ਮੰਗੀਆਂ ਹਨ ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿਨਵੇਂ ਸੋਧੇ ਕਾਨੂੰਨ ਮੁਤਾਬਕ ਬਿਜਲੀ ਵੰਡ ਦੇ ਸਿਸਟਮ ਦਾ ਨਿੱਜੀਕਰਨ ਕੀਤਾ ਜਾਵੇਗਾ।

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੱਦੇ ’ਤੇ ਬਿਜਲੀ ਕਾਮਿਆਂ ਵਲੋਂ ਬਿਜਲੀ ਐਕਟ 2020 ਦੇ ਖ਼ਿਲਾਫ਼ ਰੋਸ ਦਿਵਸ ਮਨਾਉਂਦਿਆਂ ਰੈਲੀ ਕੀਤੀ ਗਈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਬਿਜਲੀ ਐਕਟ 2020 ਆਉਣ ਕਾਰਨ ਜਿਥੇ ਕਿਸਾਨਾਂ ’ਤੇ ਭਾਰੀ ਬੋਝ ਪਵੇਗਾ।

ਬਿਜਲੀ ਕਾਮਿਆਂ ਵੱਲੋਂ ਬਿੱਲ ਖ਼ਿਲਾਫ਼ ਮੁਜ਼ਾਹਰਾ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿਲ 2020 ਨੂੰ ਰੋਕਣ ਲਈ ਪੀਐੱਸਈਬੀ ਐਂਪਲਾਈਜ਼ ਜੁਆਇਟ ਫੋਰਮ ਦੇ ਸੱਦੇ ਉਤੇ ਸਬ ਡਿਵੀਜ਼ਨ ਪਾਤੜਾਂ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਬਿਜਲੀ ਮੁਲਾਜ਼ਮਾਂ ਨੇ ਮੰਡਲ ਪ੍ਰਧਾਨ ਟੀਐੱਸਯੂ ਪਾਤੜਾਂ ਦੀ ਪ੍ਰਧਾਨਗੀ ਵਿੱਚ ਕਾਲੇ ਬਿਲੇ ਲਾ ਕੇ ਨਾਅਰੇਬਾਜ਼ੀ ਕੀਤੀ । ਪੀਐਸਈਬੀ ਜੁਆਇਟ ਫੋਰਮ ਪੰਜਾਬ ਦੇ ਮੈਂਬਰ ਰਨਵੀਰ ਸਿੰਘ ਪਾਤੜਾਂ ਨੇ ਕਿਹਾ ਹੈ ਕਿ ਬਿਜਲੀ ਬਿਲ 2020 ਲਾਗੂ ਹੋਣ, ਬਿਜਲੀ ਵੰਡ ਤੇ ਠੇਕੇਦਾਰ ਸਿਸਟਮ ਪਾਸ ਬਾਅਦ ਬਿਜਲੀ ਦੇ ਰੇਟ ਵਧ ਜਾਣਗੇ ਅਤੇ ਸਬਸਿਡੀ ਸਿਸਟਮ ਤਹਿਤ ਐੱਸਸੀ /ਬੀਸੀ ਤੇ ਟਿਊਬਵੈਲਾਂ ਨੂੰ ਮਿਲਣ ਵਾਲੀ ਮੁਫ਼ਤ ਬਿਜਲੀ ਖਤਮ ਹੋ ਜਾਵੇਗੀ । ਉਨਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਹ ਬਿੱਲ ਨਾ ਰੋਕਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 10 ਤੋਂ 30 ਜੂਨ ਤੱਕ ਦੋਨੋਂ ਪਾਵਰਕੌਮ ਮੈਨੇਜਮੈਂਟ ਦੇ ਸੀਐੱਮਡੀ ਤੇ ਡਾਇਰੈਕਟਰਜ਼ ਦੇ ਫੀਲਡ ਵਿੱਚਲੇ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ।

ਬਿਜਲੀ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਇਆ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂੰ): ਪੀਐਸਈਬੀ ਐਂਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਫ਼ੈਸਲੇ ਅਨੁਸਾਰ ਨੈਸ਼ਨਲ ਕੋ-ਆਰਡੀਨੇਸ਼ਨ ਕਮੇਟੀ ਆਫ਼ ਐਂਪਲਾਈਜ਼ ਐਂਡ ਇੰਜਨੀਅਰਜ਼ ਵੱਲੋਂ ਬਿਜਲੀ ਕਾਨੂੰਨ 2020 ਦੇ ‌ਖ਼ਿਲਾਫ਼ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਮੰਡਲ ਦਫ਼ਤਰ ਦੇ ਗੇਟ ’ਤੇ ਕਾਲੇ ਬਿੱਲੇ ਲਗਾ ਕੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਬਿਜਲੀ ਕਾਨੂੰਨ 2003 ਵਿੱਚ ਸੋਧ ਕਰਕੇ ਬਿਜਲੀ ਕਾਨੂੰਨ 2020 ਪਾਸ ਕਰਨ ਦੀ ਕੀਤੀ ਜਾ ਰਹੀ ਤਿਆਰੀ ਦਾ ਵਿਰੋਧ ਕੀਤਾ।

ਕੈਪਟਨ ਸਰਕਾਰ ਦਾ ਪੁਤਲਾ ਫੂਕਿਆ

ਭਵਾਨੀਗੜ੍ਹ (ਮੇਜਰ ਸਿੰਘ ਮਟਰਾਂ): ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਦਾਮਪੁਰ ਦੇ ਦਫਤਰ ਅੱਗੇ ਖੇਤੀ ਮੋਟਰਾਂ ਦੇ ਬਿੱਲ ਲਾਗੂ ਕਰਨ ਦੀ ਤਜਵੀਜ਼ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ, ਜੋਰਾ ਸਿੰਘ ਮਾਝੀ, ਗੁਰਜੀਤ ਸਿੰਘ ਨਦਾਮਪੁਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਖੇਤੀ ਮੋਟਰਾਂ ਦੇ ਬਿੱਲ ਲਾਉਣ ਦੀ ਤਜਵੀਜ਼ ਲਿਆ ਕੇ ਕਰਜ਼ੇ ਹੇਠ ਦੱਬੀ ਹੋਈ ਕਿਸਾਨੀ ਨੂੰ ਹੋਰ ਬਰਬਾਦ ਕਰਨ ਦਾ ਕਿਸਾਨ ਵਿਰੋਧੀ ਫੈਸਲਾ ਕੀਤਾ ਹੈ। ਉਨ੍ਹਾਂ ਇਸ ਮੌਗੇ ਅਕਾਲੀ ਆਗੂਆਂ ਦੀ ਵੀ ਨਿੰਦਾ ਕੀਤੀ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਝੋਨੇ ਦੀ ਲਵਾਈ ਲਈ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਅੱਜ ਤੋਂ 16 ਘੰਟੇ ਕਰਨ ਦੀ ਮੰਗ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All