RajpuraNews: ਮੰਡੀ ਵਿੱਚ ਕਣਕ ਦੀ ਲਿਫਟਿੰਗ ਸ਼ੁਰੂ
w ਪਨਗਰੇਨ ਵੱਲੋਂ ਖਰੀਦੀ ਕਣਕ ਦੀ ਤੁਰੰਤ ਚੁਕਾਈ ਅਤੇ ਭੁਗਤਾਨ ਦੀ ਪ੍ਰਕਿਰਿਆ ਜਾਰੀ
ਇੱਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਪ੍ਰਕਿਰਿਆ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਨਾਲ ਹੀ ਲਿਫ਼ਟਿੰਗ ਵੀ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਪਨਗਰੇਨ ਵੱਲੋਂ ਖਰੀਦੀ ਗਈ ਕਣਕ ਦੀ ਸਮੇਂ ਸਿਰ ਚੁਕਾਈ ਹੋਣ ਕਾਰਨ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਮੰਡੀ ਵਿੱਚ ਖਰੀਦ ਦੀ ਸ਼ੁਰੂਆਤ ਸੁਚਾਰੂ ਢੰਗ ਨਾਲ ਹੋ ਚੁੱਕੀ ਹੈ। ਪਹਿਲੇ ਦਿਨ ਹੀ ਪਿੰਡ ਰੰਗੀਆਂ ਦੇ ਕਿਸਾਨ ਸ਼ਰਨਜੀਤ ਸਿੰਘ ਦੀ ਕਣਕ ਦੀ ਖਰੀਦ ਹੋਈ ਅਤੇ ਉਸ ਦੀ ਭੁਗਤਾਨ ਰਕਮ ਤੁਰੰਤ ਉਸ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ। ਇਸ ਦੇ ਨਾਲ ਹੀ ਉਸ ਦੀ ਕਣਕ ਦੀ ਲਿਫ਼ਟਿੰਗ ਵੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਏ ਐੱਫ ਐੱਸ ਓ ਨੇ ਵੀ ਦੱਸਿਆ ਕਿ ਪਨਗਰੇਨ ਵੱਲੋਂ ਲਿਫਟਿੰਗ ਲਗਾਤਾਰ ਜਾਰੀ ਰਹੇਗੀ ਅਤੇ ਅੱਗੇ ਵੀ ਖਰੀਦ ਦੇ ਨਾਲ ਹੀ ਭੁਗਤਾਨ ਤੇ ਚੁਕਾਈ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਸੰਜੀਵ ਗੋਇਲ, ਸੁਖਦੇਵ ਬੰਸਲ, ਰਵੀ ਅਹੂਜਾ ਅਤੇ ਸਰਬਜੀਤ ਸੰਨੀ ਸਮੇਤ ਕਈ ਆੜਤੀ ਅਤੇ ਠੇਕੇਦਾਰ ਮੌਜੂਦ ਸਨ।

