labour day: ਸਰਕਾਰਾਂ ਦੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ
ਮਜ਼ਦੂਰ ਦਿਵਸ ਸਮਾਗਮਾਂ ਮੌਕੇ ਕਿਰਤੀਆਂ ਵੱਲੋਂ ਕਿਰਤ ਕਾਨੂੰਨ ਖ਼ਤਮ ਕਰਨ ਦਾ ਵਿਰੋਧ; ਮਜ਼ਦੂਰ ਵਰਗ ਦੀਆਂ ਮੰਗਾਂ ਤੁਰੰਤ ਮੰਨਣ ’ਤੇ ਜ਼ੋਰ
ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਜ਼ ਯੂਨੀਅਨ ਪਟਿਆਲਾ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੁੱਖ ਦਫਤਰ ਪਟਿਆਲਾ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪਹੁੰਚੇ ਜਨਤਕ ਜਥੇਬੰਦੀ ਦੇ ਕਨਵੀਨਰ ਦਰਸ਼ਨ ਬੇਲੂਮਾਜਰਾ, ਜਸਬੀਰ ਖੋਖਰ, ਰਾਜਪਾਲ ਸਿੰਘ ਲਸੋਈ, ਧਰਮਪਾਲ ਲੌਟ ਨੇ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਲਹਿਰਾ ਕੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੇਲੂਮਾਜਰਾ ਨੇ ਕਿਹਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣੇ ਖੂਨ ਨਾਲ ਸਾਨੂ ਹੱਕ ਲੈ ਕੇ ਦਿਤੇ ਸਨ ਪਰ ਮੌਜੂਦਾ ਸਰਕਾਰਾਂ ਉਨ੍ਹਾਂ ਦੇ ਹੱਕ ’ਤੇ ਡਾਕਾ ਮਾਰ ਰਹੀਆਂ ਹਨ। ਕੇਂਦਰ ਤੇ ਰਾਜ ਦੀਆਂ ਸਰਕਾਰਾਂ ਪੂੰਜੀਪਤੀਆਂ ਦੀਆਂ ਹੱਥ ਕਠਪੁਤਲੀ ਬਣ ਕੇ ਰਹਿ ਗਈਆਂ ਹਨ। ਇਸ ਮੌਕੇ ਦੀਪਕ ਕੁਮਾਰ, ਸੁਖਬੀਰ ਢੀਂਡਸਾ ਜਤਿੰਦਰ ਬਿੱਟੂ, ਗੁਰਚਰਨ ਧਨੋਆ, ਕੁਲਦੀਪ ਵਰਮਾ ਨੇ ਵੀ ਸ਼ਰਧਾਂਜਲੀ ਦਿਤੀ। ਇਸੇ ਦੌਰਾਨ ਮੁਲਾਜ਼ਮਾਂ, ਪੈਨਸ਼ਨਰਾਂ ਤੇ ਕੱਚੇ ਮੁਲਾਜ਼ਮਾਂ ਇਥੇ ਸਥਿਤ ਚੌਥਾ ਦਰਜਾ ਯੂਨੀਅਨ ਦੇ ਰਾਜਪੁਰਾ ਕਾਲੋਨੀ ਵਿਚ ਸਥਿਤ ਦਫਤਰ ਵਿੱਚ ਇਕੱਠ ਕਰਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠਲੀ ਇਸ ਇਕੱਤਰਤਾ ’ਚ ਪੰਜਾਬ (ਏਟਕ) ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਵੀ ਸ਼ਾਮਲ ਹੋਏ ਤੇ ਇਸ ਮੌਕੇ ਕੌਮਾਂਤਰੀ ਮਜਦੂਰ ਦਿਹਾੜੇ ਦਾ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕੀਤੀਆਂ ਗਈਆਂ ਤਕਰੀਰਾਂ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਤੇ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ ਗਈ| ਇਸ ਮੌਕੇ ਬਲਜੀਤ ਬੱਲੀ, ਹਾਕਮ ਸਿੰਘ, ਅਜੈ ਕੁਮਾਰ, ਰਾਜੇਸ਼ ਗੋਲੂ, ਸ਼ਿਵ ਚਰਨ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਨਾਰੰਗ ਸਿੰਘ, ਪ੍ਰੀਤਮ ਚੰਦ ਠਾਕੁਰ, ਆਦਿ ਵੀ ਹਾਜ਼ਰ ਸਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਵੱਖ-ਵੱਖ ਜਥੇਬੰਦੀਆਂ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਵੱਖ-ਵੱਖ ਥਾਵਾਂ ’ਤੇ ਸਮਾਗਮ ਕਰ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਬੁਲਾਰਿਆਂ ਨੇ ਸਰਕਾਰਾਂ ਤੋਂ ਮਜ਼ਦੂਰ ਵਰਗ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਅਤੇ ਹੱਕਾਂ ਦੀ ਰਾਖੀ ਕਰਨ ਦੀ ਮੰਗ ਕੀਤੀ। ਸੀ ਪੀ ਆਈ ਦਫ਼ਤਰ ਸੁਤੰਤਰ ਭਵਨ ਸੰਗਰੂਰ ਵਿੱਚ ਆਗੂਆਂ ਨੇ ਲਾਲ ਝੰਡਾ ਲਹਿਰਾਇਆ ਗਿਆ। ਸੰਗਰੂਰ ਸ਼ੋਸ਼ਲ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਸਥਾਨਕ ਪੈਨਸ਼ਨਰ ਭਵਨ ’ਚ ਸਮਾਗਮ ਮੌਕੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰ ਮੰਗਾਂ ਦੇ ਹੱਕ ਵਿੱਚ ਰੋਸ ਰੈਲੀ ਕਰ ਰਹੇ ਸਨ ਪਰ ਤਤਕਾਲੀ ਹਕੂਮਤ ਨੇ ਮਜ਼ਦੂਰਾਂ ’ਤੇ ਗੋਲੀਬਾਰੀ ਕੀਤੀ ਗਈ ਜਿਸ ਕਾਰਨ ਮਜ਼ਦੂਰ ਸ਼ਹੀਦ ਹੋਏ ਅਤੇ ਹਕੂਮਤ ਨੂੰ ਮਜ਼ਦੂਰਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਅਤੇ ਕੰਮ ਦਾ ਸਮਾਂ ਘਟਾ ਕੇ ਅੱਠ ਘੰਟੇ ਕੀਤਾ ਗਿਆ। ਪਿੰਡ ਤੁੰਗਾਂ ਵਿੱਚ ਸੈਂਟਰ ਆਫ ਇੰਡੀਆ ਟਰੇਡ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਆਗੂ ਸਤਵੀਰ ਸਿੰਘ ਤੁੰਗਾਂ ਅਤੇ ਬੇਅੰਤ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੀਆਂ ਸਰਕਾਰਾਂ ਮਜ਼ਦੂਰਾਂ ਦੇ ਹੱਕਾਂ ਉਪਰ ਡਾਕਾ ਮਾਰ ਰਹੀਆਂ ਹਨ ਅਤੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੀਟੂ ਆਪਣੀਆਂ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ।
ਲੋਕਤੰਤਰ ਦੀ ਤਾਕਤ ਮਜ਼ਦੂਰਾਂ ਦੇ ਕਾਨੂੰਨੀ ਹੱਕਾਂ ਤੇ ਸਨਮਾਨ ’ਚ: ਸਿੰਗਲਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਮਜ਼ਦੂਰ ਦਿਵਸ ਮੌਕੇ ਸ਼ਹਿਰ ਦੇ ਲੇਬਰ ਚੌਕ ਵਿੱਚ ਪੁੱਜੇ ਸਾਬਕਾ ਕੈਬਨਿਟ ਮੰਤਰੀ
ਵਿਜੈਇੰਦਰ ਸਿੰਗਲਾ ਨੇ ਮਜ਼ਦੂਰਾਂ ਨੂੰ ਲੱਡੂ ਵੰਡੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਮਜ਼ਦੂਰਾਂ ਨੂੰ ਪੰਜਾਬ ਦੀ ਤਰੱਕੀ ਦੇ ਪਹੀਏ ਦਾ ਅਹਿਮ ਹਿੱਸਾ ਕਰਾਰ ਦਿੰਦਿਆਂ ਕਿਹਾ ਕਿ ਲੋਕਤੰਤਰ ਦੀ ਅਸਲ ਤਾਕਤ ਉਸਦੇ ਮਜ਼ਦੂਰਾਂ ਦੇ ਕਾਨੂੰਨੀ ਹੱਕਾਂ ਅਤੇ ਸਨਮਾਨ ਵਿੱਚ ਹੁੰਦੀ ਹੈ। ਉਨ੍ਹਾਂ ਭਾਜਪਾ ’ਤੇ ਹਮਲਾ ਕਰਦਿਆਂ ਕਿ ਕੇਂਦਰ ਸਰਕਾਰ ਨੇ ‘ਵੀ ਬੀ ਜੀ ਰਾਮ ਜੀ’ ਕਾਨੂੰਨ ਪਾਸ ਕਰਕੇ ਮਜ਼ਦੂਰਾਂ ਦੇ ਕੰਮ ਮੰਗਣ ਦੇ ਮੂਲ ਹੱਕ ਨੂੰ ਪਹਿਲਾਂ ਹੀ ਕਮਜ਼ੋਰ ਕਰ ਦਿੱਤਾ ਹੈ ਅਤੇ ਇਸ ਨੂੰ ਕੇਂਦਰ ਦੀ ਮਰਜ਼ੀ ਨਾਲ ਜੋੜ ਦਿੱਤਾ ਹੈ। ਉਨ੍ਹਾਂ ਨੇ ਮਜ਼ਦੂਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਰਹੀ ਹੈ ਅਤੇ ਰਹੇਗੀ।
ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੀ ਆਲੋਚਨਾ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਸੀਟੂ ਦੇ ਦਫ਼ਤਰ ਰਾਜਪੁਰਾ ਵਿੱਚ ਸੈਂਕੜੇ ਵਰਕਰਾਂ ਵੱਲੋਂ ਮਈ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਹ ਇਕੱਠ ਸੀਟੂ ਆਗੂ ਤ੍ਰਿਲੋਚਨ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਮਜ਼ਦੂਰਾਂ ਨਾਲ
ਜੁੜੇ ਕੌਮੀ ਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਮਜ਼ਦੂਰ ਵਰਗ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਚਾਰ ਲੇਬਰ ਕੋਡ ਰੱਦ ਕਰਨ, 45 ਮਜ਼ਦੂਰੀ ਕਾਨੂੰਨਾਂ ਨੂੰ ਮੁੜ ਬਹਾਲ ਕਰਨ ਅਤੇ ਉਸਾਰੀ ਮਜ਼ਦੂਰਾਂ ਲਈ ਚੱਲ ਰਹੀਆਂ ਸਕੀਮਾਂ ਵਿੱਚ ਕੀਤੀਆਂ ਕਟੌਤੀਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਬਿਜਲੀ ਬਿਲ 2025 ਰੱਦ ਕਰਨ, ਮਨਰੇਗਾ ਕਾਨੂੰਨ ਨੂੰ ਪਹਿਲਾਂ ਵਾਂਗ ਲਾਗੂ ਕਰਨ ਅਤੇ ਮਜ਼ਦੂਰਾਂ ਨੂੰ ਸਕੀਮਾਂ ਦਾ ਪੂਰਾ ਲਾਭ ਦੇਣ ਲਈ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਵੀ ਮੰਗ ਉਠਾਈ ਗਈ। ਸਮਾਗਮ ਦੌਰਾਨ ਅੰਤਰਰਾਸ਼ਟਰੀ ਮਾਮਲਿਆਂ ‘ਤੇ ਵੀ ਚਰਚਾ ਕਰਦੇ ਹੋਏ ਅਮਰੀਕਾ ਅਤੇ ਇਸਰਾਈਲ ਵੱਲੋਂ ਇਰਾਨ ‘ਤੇ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕੀਤੀ ਗਈ ਅਤੇ ਇਰਾਨ ਦੇ ਸਮਰਥਨ ਦਾ ਐਲਾਨ ਕੀਤਾ ਗਿਆ।
ਚਾਰ ਲੇਬਰ ਕੋਡਾਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਪਟਿਆਲਾ (ਖੇਤਰੀ ਪ੍ਰਤੀਨਿਧ): ਅੱਜ ਸਥਾਨਕ ਪੁਰਾਣੇ ਬੱਸ ਅੱਡੇ ਵਿੱਚ ਏਟਕ, ਇਫਟੂ, ਸੀ ਟੀ ਯੂ, ਸੀਟੂ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਮਜ਼ਦੂਰ ਦਿਵਸ ਮੌਕੇ ਚਾਰ ਲੇਬਰ ਕੋਡਾਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।ਮਜ਼ਦੂਰ ਤੇ ਮੁਲਾਜ਼ਮ ਆਗੂਆਂ ਉੱਤਮ ਸਿੰਘ ਬਾਗੜੀ, ਸ਼੍ਰੀਨਾਥ ਅਤੇ ਹਰੀ ਸਿੰਘ ਦੌਣਕਲਾਂ, ਦਰਸ਼ਨ ਲੁਬਾਣਾ ਦੀ ਪ੍ਰਧਾਨਗੀ ਹੇਠ ਕਾਨਫਰੰਸ ਦੌਰਾਨ ਨੂੰ ਐੱਸ ਕੇ ਗੌਤਮ, ਹਰਦੀਪ ਟੋਡਰਪੁਰ, ਬ੍ਰਿਜ ਭੂਸ਼ਨ, ਧਰਮਵੀਰ ਹਰੀਗੜ੍ਹ ਅਤੇ ਧਰਮਵੀਰ ਹਰੀਗੜ੍ਹ ਨੇ ਸੰਬੋਧਨ ਕੀਤਾ| ਉਨ੍ਹਾਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੇ ਖੂਨ ਡੋਹਲਵੇਂ ਸੰਘਰਸ਼ ਉਪਰੰਤ ਦੁਨੀਆਂ ਭਰ ਵਿੱਚ ਮਜ਼ਦੂਰ ਜਮਾਤ ਨੇ ਅੱਠ ਘੰਟੇ ਦੀ ਦਿਹਾੜੀ ਦਾ ਕਾਨੂੰਨ ਹਾਸਿਲ ਕੀਤਾ ਸੀ ਪਰ ਮੋਦੀ ਸਰਕਾਰ ਵੱਲੋਂ ਚਾਰ ਲੇਬਰ ਕੋਡ ਲਾਗੂ ਕਰਕੇ ਉਸ ਕਾਨੂੰਨ ਨੂੰ ਲਗਪਗ ਖਤਮ ਕਰ ਦਿੱਤਾ ਹੈ।

