ਮੀਂਹ ਦੇ ਪਾਣੀ ਨੇ ਹੇੜੀਕੇ ਦੇ ਕਿਸਾਨਾਂ ਦੀ ਫਸਲ ਡੋਬੀ

ਮੀਂਹ ਦੇ ਪਾਣੀ ਨੇ ਹੇੜੀਕੇ ਦੇ ਕਿਸਾਨਾਂ ਦੀ ਫਸਲ ਡੋਬੀ

ਪਿੰਡ ਹੇੜੀਕੇ ਵਿੱਚ ਮੀਂਹ ਦੇ ਭਰੇ ਪਾਣੀ ਦਾ ਦ੍ਰਿਸ਼।

ਬੀਰਬਲ ਰਿਸ਼ੀ
ਸ਼ੇਰਪੁਰ, 14 ਜੁਲਾਈ

ਪਿੰਡ ਹੇੜੀਕੇ ਦੇ ਫੋਕਲ ਪੁਆਇੰਟ ਨੇੜਿਓ ਸ਼ੁਰੂ ਹੁੰਦੇ ਡਰੇਨਨੁੰਮਾ ਨਾਲੇ ’ਚ ਆਏ ਮੀਂਹ ਦੇ ਪਾਣੀ ਨੇ ਕਈ ਕਿਸਾਨ ਪਰਿਵਾਰਾਂ ਦੇ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਏ ਜਾਣ ਮਗਰੋਂ ਇਸ ਪਾਣੀ ਨੂੰ ਅਗਲੇ ਪਿੰਡਾਂ ਵੱਲ ਕੱਢਣ ਦੇ ਮਾਮਲੇ ’ਤੇ ਪਿੰਡ ਦੇ ਧਿਰਾਂ ਆਹਮੋ-ਸਾਹਮਣੇ ਹਨ। ਜਾਣਕਾਰੀ ਅਨੁਸਾਰ ਝਲੂਰ ਵਾਲੇ ਰਸਤੇ ’ਤੇ ਕਈ ਕਿਸਾਨ ਪਰਿਵਾਰਾਂ ਦੀ ਫਸਲ ਵਿੱਚ ਪਾਣੀ ਭਰ ਗਿਆ ਜਿਸ ਨਾਲ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਕਿਸਾਨ ਧਰਮਪਾਲ ਸਿੰਘ ਨੇ ਦੱਸਿਆ ਕਿ ਉਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ ਤੇ ਉਸਦੇ ਤਕਰੀਬਨ ਤਿੰਨ ਕਿੱਲੇ ਮੀਂਹ ਨੇ ਮਧੋਲ ਦਿੱਤੇ ਹਨ ਤੇ ਹੁਣ ਦੁਬਾਰਾ ਝੋਨਾ ਲਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਦੀ ਡਰੇਨ ’ਚ ਕਾਲਾਬੂਲਾ, ਦੀਦਾਰਗੜ੍ਹ ਤੇ ਈਨਾਬਾਜਵਾ  ਦਾ ਪਾਣੀ ਆ ਕੇ ਫਸਲ ਨੂੰ ਮਾਰ ਕਰਦਾ ਹੈ ਪਰ ਇਹ ਡਰੇਨ ਪਿੰਡ ਦੀ ਜੂਹ ਤੋਂ ਸ਼ੁਰੂ ਹੋ ਕੇ ਜੂਹ ਵਿੱਚ ਜਾ ਕੇ ਹੀ ਖ਼ਤਮ ਹੋ ਜਾਂਦੀ ਹੈ ਜਿਸ ਕਰਕੇ ਉਹ ਬੀਡੀਪੀਓ ਨੂੰ ਦਰਖਾਸਤ ਦੇ ਕੇ ਪਾਈਪਾਂ ਪਾ ਕੇ ਜਾਂ ਡਰੇਨ ਪੁੱਟ ਕੇ ਪਾਣੀ ਅਗਲੇ ਪਿੰਡਾਂ ਵੱਲ ਕੱਢਣ ਦੀ ਮੰਗ ਕਰਨਗੇ।  ਉਧਰ, ਪਾਈਪਾਂ ਪਾਉਣ ਦਾ ਵਿਰੋਧ ਕਰ ਰਹੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਉਪ-ਚੇਅਰਮੈਨ ਬਾਰਾ ਸਿੰਘ ਹੇੜੀਕੇ ਨੇ ਦਾਅਵਾ ਕੀਤਾ ਕਿ ਪਹਿਲੀ ਗੱਲ ਤਾਂ ਇਹ ਡਰੇਨ ਹੀ ਨਹੀਂ। ਸਗੋਂ ਪਿੰਡ ’ਚ ਸੇਮ ਆਉਣ ਕਾਰਨ ਉਸ ਸਮੇਂ ਸਿਰਫ ਪਿੰਡ ਦੇ ਕਿਸਾਨਾਂ ਨੇ ਆਪਣੀ ਜਗ੍ਹਾ ਛੱਡੀ ਸੀ। ਉਨ੍ਹਾਂ ਦੇ ਵਿਰੋਧੀ ਧੜ੍ਹੇ ਨੇ ਇੱਥੇ ਦਰਖ਼ਤ ਲਗਵਾ ਕੇ ਇਸਨੂੰ ਡਰੇਨ ਦੀ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਉਹ ਦਰਖਾਸ਼ਤ ਦੇ ਕੇ ਆਪਣੀਆਂ ਜ਼ਮੀਨ ਦੇ ਕੱਟੇ ਟੋਟਿਆਂ ਨੂੰ ਵਾਪਸ ਮੰਗਣਗੇ। ਉਨ੍ਹਾਂ ਦੱਸਿਆ ਕਿ ਜੇ ਪਾਈਪ ਪਾਏ ਗਏ ਤਾਂ ਮੀਂਹ ਦਾ ਪਾਣੀ ਅੱਗੇ ਪਿੰਡ ਦੀ ਸੈਂਕੜੇ ਵਿੱਘੇ ਜ਼ਮੀਨ ਨੂੰ ਡੋਬੇਗਾ। ਜਿਸ ਕਾਰਨ ਉਹ ਇਸਦਾ ਡੱਟ ਕੇ ਵਿਰੋਧ ਕਰਦੇ ਹਨ। ਪਿੰਡ ਦੀ ਸਰਪੰਚ ਬੀਬੀ ਦੇ ਪਤੀ ਅਵਤਾਰ ਸਿੰਘ ਹੇੜੀਕੇ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਪਿੰਡ ਦੇ ਨਾਲੇ ’ਚੋਂ ਜਦੋਂ ਪੰਚਾਇਤ ਨੇ ਮਿੱਟੀ ਚੁਕਵਾਉਣੀ ਸ਼ੁਰੂ ਕੀਤੀ ਤਾਂ ਕੁਝ ਲੋਕਾਂ ਨੇ ਇਸਦਾ ਵਿਰੋਧ ਕੀਤਾ ਸੀ। ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ, ਕੱਸੀ ਨੇੜੇ ਤੇ ਝਲੂਰ ਵਾਲੇ ਰਸਤੇ ਦੇ ਕਿਸਾਨਾਂ ਦੀ ਫਸਲਾ ਬਚਾਉਣ ਲਈ ਪਿੰਡ ’ਚੋਂ ਪਾਣੀ ਦੀ ਨਿਕਾਸੀ ਹੋਣੀ ਚਹੀਦੀ ਹੈ ਜਿਸ ਲਈ ਉਹ ਲੋਕ ਰਾਇ ਨਾਲ ਇਸਦੀ ਪੈਰਵੀ ਕਰਨਗੇ।  

ਕਿਸਾਨਾਂ ਨੂੰ ਝੋਨੇ ਦੀ ਫ਼ਸਲ ਮਰਨ ਦਾ ਖ਼ਦਸ਼ਾ

ਪਿੰਡ ਸਰੌਦ ਦੇ ਖੇਤਾਂ ’ਚ ਖੜ੍ਹਾ ਮੀਂਹ ਦਾ ਪਾਣੀ।

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਦੋ ਦਿਨ ਪਹਿਲਾਂ ਪਏ ਜ਼ੋਰਦਾਰ ਮੀਂਹ ਕਾਰਨ ਪਿੰਡ ਰਾਣਵਾਂ, ਖਾਨਪੁਰ, ਸਰੌਦ, ਬਾਲੇਵਾਲ, ਚੁਪਕਾ, ਫਲੌਂਡ ਆਦਿ ਪਿੰਡਾਂ ਦੇ ਦਰਜਨਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਜੇ ਵੀ ਡੁੱਬੀ ਖੜ੍ਹੀ ਹੈ।  ਭਾਵੇਂ ਪਿੰਡ ਖਾਨਪੁਰ ਤੇ ਰਾਣਵਾਂ ਤੇ ਸਰੌਦ ਦੇ ਰਾਣਵਾਂ-ਖਾਨਪੁਰ ਵਾਲੇ ਪਾਸੇ  ਦੇ ਕਿਸਾਨਾਂ ਦੇ ਖੇਤਾਂ ‘ਚੋਂ ਪਾਣੀ ਦਾ ਪੱਧਰ ਨੀਵਾਂ ਹੋਣਾ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਹੈ ਪਰ ਸਰੌਦ ਦੇ ਚੁਪਕੇ ਵਾਲੇ ਪਾਸੇ, ਚੁਪਕਾ, ਬਾਲੇਵਾਲ ਅਤੇ ਫਲੋਂਡ ਦੇ ਖੇਤਾਂ ’ਚ ਪਾਣੀ ਜਿਉਂ ਦਾ ਤਿਉਂ ਖੜ੍ਹਾ ਹੈ। ਜੇ ਇੱਕ ਦੋ ਦਿਨਾਂ ’ਚ ਪਾਣੀ ਦੀ ਨਿਕਾਸੀ ਨਾ ਹੋ ਸਕੀ ਤਾਂ ਬਹੁਤ ਸਾਰੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਮਰਨ ਦਾ ਖ਼ਦਸ਼ਾ ਹੈ। ਪਿੰਡ ਰਾਣਵਾਂ ਦੀ ਨਰੇਗਾ ਟੀਮ ਵੱਲੋਂ ਲਸਾੜਾ ਡਰੇਨ ’ਚ ਉੱਗੀ ਤੇ ਫਸੀ ਬੂਟੀ ਕੱਢਣ ਦਾ ਕੰਮ ਜਾਰੀ ਹੈ, ਜਿਸ ਨਾਲ ਡਰੇਨ ’ਚ ਪਾਣੀ ਦਾ ਵਹਾਅ ਤੇਜ਼ ਹੋਇਆ ਹੈ। ਪਤਾ ਲੱਗਾ ਹੈ ਕਿ ਲੋਕ ਨਿਰਮਾਣ ਦੇ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਪਿੰਡ ਸਰੌਦ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੀਤੇ ਯਤਨਾਂ ਨੂੰ ਅੱਜ ਕੁਝ ਲੋਕਾਂ ਨੇ ਸਿਰੇ ਨਹੀਂ ਚੜ੍ਹਨ ਦਿੱਤਾ। ਕਿਸਾਨ ਨਿਰਭੈ ਸਿੰਘ, ਜੱਗਾ ਸਿੰਘ, ਗਮਦੂਰ ਸਿੰਘ ਨੇ ਦੱਸਿਆ ਕਿ ਜੇ ਪਾਣੀ ਦੀ ਨਿਕਾਸੀ ਇੱਕ-ਦੋ ਦਿਨਾਂ ’ਚ ਨਾ ਹੋਈ ਤਾਂ ਬਹੁਤ ਸਾਰੇ ਕਿਸਾਨਾਂ ਦੀ  ਝੋਨੇ ਦੀ ਫ਼ਸਲ ਮਾਰੀ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਣੀ ਦੇ ਕੁਦਰਤੀ ਵਹਾਅ ਵਾਲੀ ਜਗ੍ਹਾ ‘ਤੇ ਸੜਕਾਂ ਹੇਠ ਪੁਲੀਆਂ ਬਣਾ ਕੇ ਪਾਣੀ ਦੀ ਨਿਕਾਸੀ ਕੀਤੀ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All