DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੀਂਹ ਨੇ ਫ਼ਿਕਰਾਂ ਵਿੱਚ ਪਾਇਆ ਅੰਨਦਾਤਾ

ਬਾਰਸ਼ ਨਾਲ ਵਗੀਆਂ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਝੋਨੇ ਦੀ ਫ਼ਸਲ ਵਿਛੀ

  • fb
  • twitter
  • whatsapp
  • whatsapp
Advertisement

ਇੱਥੇ ਅੱਜ ਦਿਨ ਚੜ੍ਹਦਿਆਂ ਹੀ ਹੋਈ ਬਾਰਸ਼ ਨੇ ਖੇਤਾਂ ਤੋਂ ਲੈ ਕੇ ਅਨਾਜ ਮੰਡੀਆਂ ਤੱਕ ਅੰਨਦਾਤੇ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਜਿੱਥੇ ਖੇਤਾਂ ਵਿਚ ਵਾਢੀ ਲਈ ਤਿਆਰ ਝੋਨੇ ਦੀ ਫਸਲ ਖੇਤਾਂ ਵਿੱਚ ਵਿਛ ਗਈ ਹੈ, ਉੱਥੇ ਅਨਾਜ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਜਿਣਸ ਵੀ ਬਾਰਸ਼ ਦੀ ਮਾਰ ਹੇਠ ਆਈ ਹੈ। ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਅਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਸਨ। ਕੁਝ ਸਮੇਂ ਬਾਅਦ ਹੀ ਬਾਰਸ਼ ਸ਼ੁਰੂ ਹੋਈ ਜੋ ਦੁਪਹਿਰ ਤੱਕ ਰੁਕ-ਰੁਕ ਪੈਂਦੀ ਰਹੀ। ਬਾਰਸ਼ ਨਾਲ ਵਗੀਆਂ ਤੇਜ਼ ਹਵਾਵਾਂ ਨੇ ਪੱਕ ਕੇ ਖੜ੍ਹੀ ਝੋਨੇ ਦੀ ਫਸਲ ਖੇਤਾਂ ਵਿੱਚ ਵਿਛਾ ਦਿੱਤੀ ਜਿਸ ਨੂੰ ਵੇਖ ਕੇ ਕਿਸਾਨਾਂ ਦੀ ਚਿੰਤਾ ਵਧਣੀ ਸੁਭਾਵਿਕ ਹੈ। ਉਧਰ ਅਨਾਜ ਮੰਡੀਆਂ ਵਿੱਚ ਪੁੱਜੀ ਝੋਨੇ ਦੀ ਫਸਲ ਵੀ ਪਾਣੀ ਮਾਰ ਹੇਠ ਆਈ ਅਤੇ ਕਿਸਾਨ ਆਪਣੀ ਫ਼ਸਲ ਨੂੰ ਪਾਣੀ ਤੋਂ ਬਚਾਉਣ ਲਈ ਜਦੋ-ਜਹਿਦ ਕਰਦੇ ਨਜ਼ਰ ਆਏ। ਇਨ੍ਹੀਂ ਦਿਨੀਂ ਝੋਨੇ ਦੀ ਫਸਲ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਅਨਾਜ ਮੰਡੀਆਂ ਵਿੱਚ ਝੋਨੇ ਦੀ ਫਸਲ ਪੁੱਜਣੀ ਸ਼ੁਰੂ ਹੋ ਚੁੱਕੀ ਹੈ। ਅਜਿਹੇ ਮੌਕੇ ਹੋਈ ਬੇਮੌਸਮੀ ਬਾਰਸ਼ ਨੇ ਅੰਨਦਾਤਾ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ।

ਇਥੋਂ ਨੇੜਲੇ ਪਿੰਡ ਕਿਲਾਭਰੀਆਂ ਵਿਚ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਝੋਨੇ ਦੀ ਫਸਲ ਦੀ ਦੋ-ਤਿੰਨ ਦਿਨਾਂ ਨੂੰ ਕਟਾਈ ਕਰ ਕੇ ਅਨਾਜ ਮੰਡੀ ਵਿੱਚ ਲਿਜਾਣੀ ਸੀ। ਮੀਂਹ ਕਾਰਨ ਉਸ ਦਾ ਕਰੀਬ 50 ਤੋਂ 60 ਫੀਸਦੀ ਤੱਕ ਨੁਕਸਾਨ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਫਸਲ ਦੇ ਹੋਏ ਨੁਕਸਾਨ ਬਦਲੇ ਯੋਗ ਮੂਆਵਜ਼ਾ ਦਿੱਤਾ ਜਾਵੇ। ਉਧਰ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਦਾ ਕਹਿਣਾ ਹੈ ਕਿ ਅੱਜ ਹੋਈ ਬਾਰਸ਼ ਕਾਰਨ ਜ਼ਿਲ੍ਹੇ ਵਿੱਚ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

Advertisement

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇਲਾਕੇ ਵਿੱਚ ਹੋਈ ਜ਼ੋਰਦਾਰ ਬਾਰਸ਼ ਦੌਰਾਨ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਜਿੱਥੇ ਪੱਕੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ, ਉੱਥੇ ਹੀ ਮੰਡੀਆਂ ਵਿੱਚ ਆਏ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਦੱਸਣਯੋਗ ਹੈ ਕਿ ਇਲਾਕੇ ਵਿੱਚ ਅਜੇ ਜ਼ਿਆਦਤਰ ਝੋਨਾ ਖੇਤਾਂ ਵਿੱਚ ਹੀ ਖੜ੍ਹਾ ਹੈ। ਅੱਜ ਸਵੇਰੇ ਦੋ ਘੰਟੇ ਤੇਜ਼ ਹਵਾਵਾਂ ਨਾਲ ਜ਼ੋਰਦਾਰ ਬਾਰਸ਼ ਹੋਈ। ਇਸ ਕਾਰਨ ਖੇਤਾਂ ਵਿੱਚ ਪੱਕੀ ਖੜੀ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਭਵਾਨੀਗੜ੍ਹ ਦੀ ਅਨਾਜ ਮੰਡੀ ਵਿੱਚ ਵਿਕਣ ਲਈ ਆਇਆ ਝੋਨਾ ਵੀ ਮੀਂਹ ਦੇ ਪਾਣੀ ਨਾਲ ਭਿੱਜ ਗਿਆ ਹੈ। ਮੀਂਹ ਕਾਰਨ ਮੁੱਖ ਬਾਜ਼ਾਰ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਨੱਕੋ ਨੱਕ ਪਾਣੀ ਭਰ ਗਿਆ। ਇਸੇ ਦੌਰਾਨ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਚੇਅਰਮੈਨ ਪ੍ਰਦੀਪ ਕੁਮਾਰ ਮਿੱਤਲ ਨੇ ਦੱਸਿਆ ਕਿ ਮੰਡੀ ਵਿੱਚ ਆਏ ਝੋਨੇ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਹੈ।

Advertisement

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਦੇਵੀਗੜ੍ਹ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅੱਜ ਹੋਈ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਝੋਨੇ ਦੀ ਵਾਢੀ ਅਤੇ ਖ਼ਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅਨਾਜ ਮੰਡੀਆਂ ਵਿੱਚ ਪਏ ਲੱਖਾਂ ਮੀਟਰਿਕ ਟਨ ਝੋਨੇ ਦੀ ਫਸਲ ਭਿੱਜ ਗਈ ਹੈ। ਅੱਜ ਹੋਈ ਬੇਮੌਸਮੀ ਬਰਸਾਤ ਨੇ ਦੇਵੀਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ਦੀਆਂ ਮੰਡੀਆਂ ਵਿੱਚ ਪਿਆ ਝੋਨਾ ਭਿੱਜਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੰਭਾਲ ਦੀ ਚਿੰਤਾ ਸਤਾਉਣ ਲੱਗੀ ਹੈ। ਭਾਰੀ ਮੀਂਹ ਕਾਰਨ ਅਨਾਜ ਮੰਡੀ ਦੇਵੀਗੜ੍ਹ, ਦੁਧਨਸਾਧਾਂ, ਬਲਬੇੜਾ, ਭੁਨਰਹੇੜੀ, ਮਸੀਂਗਣ ਆਦਿ ਮੰਡੀਆਂ ਵਿੱਚ ਭਾਰੀ ਮੀਂਹ ਕਾਰਨ ਝੋਨੇ ਦੀਆਂ ਭਰੀਆਂ ਬੋਰੀਆਂ ਭਿਜ ਗਈਆਂ ਹਨ, ਜਿਸ ਕਾਰਨ ਕਿਸਾਨਾਂ ਅਤੇ ਆੜਤੀਆਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ।

ਸਮਾਣਾ (ਸੁਭਾਸ਼ ਚੰਦਰ): ਸਮਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਵੇਰ ਸਾਰ ਪਏ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇੱਕ ਪਾਸੇ ਜਿੱਥੇ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈਆਂ ਝੋਨੇ ਦੀਆਂ ਢੇਰੀਆਂ ਮੀਂਹ ਦੇ ਪਾਣੀ ਨਾਲ ਭਿੱਜ ਗਈਆਂ ਹਨ, ਉੱਥੇ ਹੀ ਦੂਜੇ ਪਾਸੇ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਫ਼ਸਲ ਨੂੰ ਵੀ ਵੱਡਾ ਨੁਕਸਾਨ ਪਹੁੰਚਣ ਦਾ ਖਦਸ਼ਾ ਬਣ ਗਿਆ ਹੈ। ਮੀਂਹ ਕਾਰਨ ਅਨਾਜ ਮੰਡੀ ਅਤੇ ਆਸ-ਪਾਸ ਦੀਆਂ ਖਰੀਦ ਕੇਂਦਰਾਂ ਵਿੱਚ ਰੱਖਿਆ ਝੋਨਾ ਭਿੱਜ ਗਿਆ ਹੈ। ਇਸ ਨਾਲ ਫ਼ਸਲ ਵਿੱਚ ਸਿੱਲ ਵਧਣ ਦਾ ਡਰ ਹੈ। ਹੁਣ ਮੀਂਹ ਕਾਰਨ ਫ਼ਸਲ ਸੁੱਕਣ ਤੱਕ ਖਰੀਦ ਪ੍ਰਕਿਰਿਆ ਹੋਰ ਪਛੜ ਜਾਵੇਗੀ।

ਪੀੜਤ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚੋਂ ਭਿੱਜੀ ਫ਼ਸਲ ਦੀ ਤੁਰੰਤ ਸਮੇਂ ਸਿਰ ਖਰੀਦ ਕੀਤੀ ਜਾਵੇ ਅਤੇ ਖਰਾਬ ਹੋਈ ਫ਼ਸਲ ਦਾ ਜਾਇਜ਼ਾ ਲੈ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਧੂਰੀ (ਪਵਨ ਕੁਮਾਰ ਵਰਮਾ): ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਝੋਨੇ ਦੀ ਵਾਢੀ ਅਤੇ ਖ਼ਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਧੂਰੀ ਖੇਤਰ ਦੇ ਜਿਣਸ ਕੇਂਦਰਾਂ ਵਿੱਚ ਪਏ ਲੱਖਾਂ ਮੀਟਰਿਕ ਟਨ ਝੋਨੇ ਦੀ ਫ਼ਸਲ ਭਿੱਜ ਗਈ ਹੈ। ਮੰਡੀਆਂ ਵਿੱਚ ਪਿਆ ਝੋਨਾ ਭਿੱਜਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੰਭਾਲ ਦੀ ਚਿੰਤਾ ਸਤਾਉਣ ਲੱਗੀ ਹੈ। ਕਿਸਾਨਾਂ ਨੇ ਕਿਹਾ ਕਿ ਬਾਰਿਸ਼ ਕਾਰਨ ਜਿੱਥੇ ਖੇਤਾਂ ਵਿੱਚ ਕੰਬਾਈਨਾਂ ਰੁਕ ਗਈਆਂ, ਉੱਥੇ ਹੀ ਖ਼ਰੀਦ ਪ੍ਰਬੰਧਾਂ ਦਾ ਕੰਮ ਵੀ ਇੱਕ ਹਫ਼ਤਾ ਪਛੜਨ ਦਾ ਖ਼ਦਸ਼ਾ ਹੈ। ਕਿਸਾਨਾਂ ਨੂੰ ਚਿੰਤਾ ਹੈ ਕਿ ਮੰਡੀਆਂ ਵਿੱਚ ਪਹਿਲਾਂ ਤੋਂ ਪਏ ਝੋਨੇ ਦੀ ਸੰਭਾਲ ਅਤੇ ਚੁਕਾਈ ਵਿੱਚ ਦੇਰੀ ਹੋਣ ਨਾਲ ਖ਼ਰੀਦ ਪ੍ਰਬੰਧ ਵੀ ਪ੍ਰਭਾਵਿਤ ਹੋਣਗੇ।

ਝੋਨੇ ਦਾ ਦਾਣਾ ਬਦਰੰਗ ਹੋਣ ਦਾ ਖ਼ਦਸ਼ਾ ਜ਼ਾਹਿਰ

ਪਟਿਆਲਾ (ਰਵੇਲ ਸਿੰਘ ਭਿੰਡਰ): ਬੇਮੌਸਮੀ ਬਾਰਸ਼ ਖੇਤਾਂ ’ਚ ਖੜ੍ਹੀ ਝੋਨੇ ਦੀ ਫਸਲ ਅਤੇ ਵਿਕਣ ਲਈ ਮੰਡੀਆਂ ’ਚ ਆਈ ਜਿਣਸ ਲਈ ਆਫ਼ਤ ਬਣ ਕੇ ਆਈ ਹੈ| ਬਾਰਸ਼ ਨਾਲ ਵਗੀਆਂ ਤੇਜ਼ ਹਵਾਵਾਂ ਨੇ ਪੱਕਣ ਕੰਢੇ ਖੜੀ ਫਸਲ ਨੂੰ ਵਿਛਾ ਦਿੱਤਾ ਹੈ। ਮੁੱਖ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਜ਼ਿਲ੍ਹਾ ਦਫ਼ਤਰ ਵੱਲੋਂ ਜਿਹੜੀ ਜਾਣਕਾਰੀ ਇਕੱਤਰ ਕੀਤੀ ਗਈ ਹੈ, ਉਸ ਮੁਤਾਬਿਕ ਦੋ ਢਾਈ ਘੰਟੇ ਬਾਰਸ਼ ਪੂਰੇ ਜ਼ਿਲ੍ਹੇ ਅੰਦਰ ਹੋਈ ਹੈ, ਪਰ ਹਾਲੇ ਤੱਕ ਜ਼ਿਲ੍ਹੇ ’ਚ ਗੜੇਮਾਰੀ ਹੋਣ ਤੋਂ ਬਚਾਅ ਹੋਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਭਲਕੇ ਤੱਕ ਸਾਰੇ ਤੱਥਾਂ ਹੇਠ ਰਿਪੋਰਟ ਨਸ਼ਰ ਕਰ ਦਿੱਤੀ ਜਾਏਗੀ। ਡਾ ਦਾਰਾ ਸਿੰਘ ਮੁਤਾਬਿਕ ਹੁਣ ਤੱਕ ਦੋ ਤਿੰਨ ਫੀਸਦੀ ਤੱਕ ਝੋਨੇ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ, ਕਿਉਂਕਿ ਪੱਕਣ ਕੰਢੇ ਖੜ੍ਹੀ ਝੋਨੇ ਦੀ ਫਸਲ ਹਵਾਵਾਂ ਨਾਲ ਵਿੱਛ ਗਈ ਹੈ। ਅਜਿਹੇ ‘ਚ ਦਾਣਾ ਬਦਰੰਗ ਤੇ ਹਲਕਾ ਹੋਣ ਦਾ ਖਤਰਾ ਵਧ ਗਿਆ ਹੈ| ਬੇਮੌਸਮੇ ਮੀਂਹ ਕਾਰਨ ਸਬਜ਼ੀਆਂ ਅਤੇ ਆਲੂ ਦੀ ਨਵੀਂ ਬਿਜਾਈ ਵਾਲੀ ਫਸਲ ਵੀ ਪ੍ਰਭਾਵਿਤ ਹੋਈ ਹੈ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨ ਅਤੇ ਆੜ੍ਹਤੀ ਵਰਗ ਜਿਹੜਾ ਪਹਿਲਾਂ ਹੀ ਕਾਫੀ ਦਿੱਕਤਾਂ ਝੱਲ ਰਿਹਾ ਸੀ, ਹੁਣ ਬੇਮੌਸਮੇਂ ਮੀਂਹ ਨੇ ਦੋਹਰੀ ਮਾਰ ਦਿੱਤੀ ਹੈ| ਉਨ੍ਹਾਂ ਪੰਜਾਬ ਸਰਕਾਰ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਖਰਾਬੇ ਦਾ ਤੁਰੰਤ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ।

Advertisement
×