Rahul Gandhi ਵੱਲੋਂ ਹਸਪਤਾਲ ’ਚ ਜ਼ੇਰੇ ਇਲਾਜ Mohanjit Singh ਨਾਲ ਫ਼ੋਨ ’ਤੇ ਗੱਲਬਾਤ
Mohanjit Police Torture: ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਮੋਹਣਜੀਤ ਤੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ; ਮਦਦ ਕਰਨ ਦਾ ਭਰੋਸਾ ਦਿੱਤਾ
Rahul Gandhi calls Mohanjit Singh: ਪੰਜਾਬ ਦੇ ਸੰਗਰੂਰ ਨੇੜਲੇ ਪਿੰਡ ਸ਼ੇਰੋਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਮੋਹਣਜੀਤ ਸਿੰਘ ਸਿੱਧੂ ਨਾਲ ਪੁਲੀਸ ਹਿਰਾਸਤ ਵਿੱਚ ਕੀਤੀ ਗਈ ਵਧੀਕੀ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਤਹਿਤ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੰਗਰੂਰ ਹਸਪਤਾਲ ਵਿੱਚ ਜ਼ੇਰੇ ਇਲਾਜ ਮੋਹਣਜੀਤ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਹਾਸਲ ਕੀਤੀ। ਰਾਹੁਲ ਗਾਂਧੀ ਨੇ ਮੋਹਣਜੀਤ ਨਾਲ ਫ਼ੋਨ ’ਤੇ ਗੱਲ ਕਰਕੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਸਪਤਾਲ ਜਾ ਕੇ ਮੋਹਣਜੀਤ ਨਾਲ ਮੁਲਾਕਾਤ ਕੀਤੀ ਅਤੇ ਉੱਥੇ ਹੀ ਉਨ੍ਹਾਂ ਦੀ ਗੱਲ ਰਾਹੁਲ ਗਾਂਧੀ ਨਾਲ ਕਰਵਾਈ। ਰਾਹੁਲ ਗਾਂਧੀ ਨੇ ਸੱਚ ਲਈ ਖੜ੍ਹਨ ਅਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਮੋਹਣਜੀਤ ਦੇ ਹੌਸਲੇ ਦੀ ਤਾਰੀਫ਼ ਕੀਤੀ ਅਤੇ ਪੰਜਾਬ ਕਾਂਗਰਸ ਨੂੰ ਹਦਾਇਤ ਕੀਤੀ ਕਿ ਪੀੜਤ ਨੂੰ ਇਨਸਾਫ਼ ਮਿਲਣਾ ਯਕੀਨੀ ਬਣਾਇਆ ਜਾਵੇ। ਸੁਨਾਮ ਦੇ ਪਿੰਡ ਸ਼ੇਰੋਂ ਦੇ ਰਹਿਣ ਵਾਲੇ ਮੋਹਣਜੀਤ ਨੇ ਦੋਸ਼ ਲਾਇਆ ਸੀ ਕਿ ਉਸਨੂੰ 2 ਸਤੰਬਰ ਨੂੰ ਮੁੱਖ ਮੰਤਰੀ ਦੀ 'ਲੋਕ ਮਿਲਣੀ' ਦੌਰਾਨ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਤਸ਼ੱਦਦ ਢਾਹਿਆ ਸੀ। ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਰਾਜਪਾਲ ਨੂੰ ਮਿਲਣ ਦੀ ਤਿਆਰੀ ਵੀ ਕਰ ਰਹੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਹਸਪਤਾਲ ਜਾ ਕੇ ਮੋਹਣਜੀਤ ਨਾਲ ਮੁਲਾਕਾਤ ਕੀਤੀ ਅਤੇ ਮੌਕੇ ’ਤੇ ਹੀ ਉਨ੍ਹਾਂ ਦੀ ਗੱਲ ਰਾਹੁਲ ਗਾਂਧੀ ਨਾਲ ਕਰਵਾਈ। ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸੂਬਾ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਘੇਰ ਰਹੀ ਹੈ। ਵਧਦੇ ਹੋਏ ਸਿਆਸੀ ਦਬਾਅ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਡੀ.ਐੱਸ.ਪੀ. ਦਾ ਤਬਦੀਲਾ ਕਰ ਦਿੱਤਾ ਹੈ ਅਤੇ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।
ਪੁਲੀਸ ਹਿਰਾਸਤ ਵਿੱਚ ਤਸ਼ੱਦਦ ਦੇ ਦੋਸ਼ ਅਤੇ ਸਰਕਾਰ ਦਾ ਪੱਖ
ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਸੂਬੇ ਭਰ ਦੇ ਕਾਂਗਰਸੀ ਵਰਕਰ ਮੁੱਖ ਮੰਤਰੀ ਨੂੰ ਹਰ ਜਗ੍ਹਾ ਕਾਲੇ ਝੰਡੇ ਦਿਖਾਉਣਗੇ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਐੱਸ.ਐੱਚ.ਓ. ਅਤੇ ਡੀ.ਐੱਸ.ਪੀ. ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ, ਕਿਉਂਕਿ ਅਜਿਹੇ ਲੋਕ ਪੁਲੀਸ ਫ਼ੋਰਸ ਵਿੱਚ ਰਹਿਣ ਦੇ ਲਾਇਕ ਨਹੀਂ ਹਨ।
ਵਿਰੋਧੀ ਧਿਰ ਦੇ ਵੱਡੇ ਵਿਰੋਧ ਅਤੇ ਵਧਦੇ ਦਬਾਅ ਨੂੰ ਦੇਖਦਿਆਂ ਪੰਜਾਬ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਡੀ.ਐੱਸ.ਪੀ. ਦਾ ਤਬਦੀਲਾ ਕਰ ਦਿੱਤਾ ਹੈ ਅਤੇ ਇੱਕ ਇੰਸਪੈਕਟਰ ਸਮੇਤ ਤਿੰਨ ਹੋਰ ਅਧਿਕਾਰੀਆਂ ਨੂੰ ਪੁਲੀਸ ਲਾਈਨ ਹਾਜ਼ਰ ਕਰ ਦਿੱਤਾ ਹੈ।
ਪੀੜਤ ਮੋਹਣਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਪੁਲੀਸ ਹਿਰਾਸਤ ਦੌਰਾਨ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਹੋਰ ਤਸ਼ੱਦਦ ਕੀਤਾ ਗਿਆ। ਇਸ ਦੇ ਉਲਟ ਪੁਲੀਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਾਕਾਰਦਿਆਂ ਕਿਹਾ ਹੈ ਕਿ ਮੋਹਣਜੀਤ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਵਿਘਨ ਪਾਉਣ ਕਾਰਨ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ ਅਤੇ ਪੁਲੀਸ ਵੱਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਇਸ ਪੂਰੇ ਘਟਨਾਕ੍ਰਮ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਪੁਲੀਸ ਅਧਿਕਾਰੀਆਂ ਨਾਲ ਗੱਲ ਹੋਈ ਹੈ ਅਤੇ ਅਧਿਕਾਰੀਆਂ ਨੇ ਅਜਿਹੀ ਕਿਸੇ ਵੀ ਕੁੱਟਮਾਰ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ: ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ
ਇਸ ਤੋਂ ਪਹਿਲਾਂ ਸਿੱਖ ਨੌਜਵਾਨ ਮੋਹਣਜੀਤ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਅਤੇ ਮੁੱਖ ਮੰਤਰੀ ਦੇ ਦੌਰੇ ਮੌਕੇ ਵਿਰੋਧ ਕਰਨ ’ਤੇ ਪੰਜਾਬ ਪੁਲੀਸ ਵੱਲੋਂ ਸਰਕਾਰੀ ਸ਼ੈਅ ਉੱਤੇ ਉਸ ਨਾਲ ਕੀਤੀ ਗਈ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਘਟਨਾ ਦੇ ਦੋਸ਼ੀ ਪੁਲੀਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਆਖਿਆ ਸੀ।
ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਸੀ ਕਿ ਸ਼ੇਰੋਂ ਪਿੰਡ ਦੇ ਸਿੱਖ ਨੌਜਵਾਨ ਮੋਹਣਜੀਤ ਸਿੰਘ ਨੇ ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਨੂੰ ਆਪਣੇ ਗੁਆਂਢੀ ਦੀ ਛੱਤ ਤੋਂ ਸ਼ਾਂਤਮਈ ਰਹਿੰਦਿਆਂ ਕਾਲਾ ਝੰਡਾ ਦਿਖਾਇਆ, ਜੋ ਕਿ ਉਸ ਦਾ ਜਮਹੂਰੀ ਹੱਕ ਹੈ। ਉਨ੍ਹਾਂ ਕਿਹਾ ਕਿ ਕਾਲਾ ਝੰਡਾ ਦਿਖਾਉਣਾ ਕੋਈ ਅਪਰਾਧ ਨਹੀਂ, ਪਰ ਸਥਾਨਕ ਡੀਐੱਸਪੀ ਨੇ ਸਿੱਖ ਨੌਜਵਾਨ ਨੂੰ ਝੰਡਾ ਉਸ ਦੇ ਗਲ ਵਿੱਚ ਪਾ ਕੇ ਧੂਹਿਆ ਅਤੇ ਬਾਅਦ ਵਿੱਚ ਉਸ ਉੱਤੇ ਗ਼ੈਰ-ਕਾਨੂੰਨੀ ਢੰਗ ਨਾਲ ਬਹੁਤ ਤਸ਼ੱਦਦ ਕੀਤਾ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪੁਲੀਸ ਕਪਤਾਨ ਨਾਲ ਵੀ ਗੱਲ ਕੀਤੀ ਹੈ ਕਿ ਸਿੱਖ ਨੌਜਵਾਨ ਉੱਤੇ ਤਸ਼ੱਦਦ ਕਰਨ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਡੀਐੱਸਪੀ ਅਤੇ ਥਾਣਾ ਮੁਖੀ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

