ਹਲਕਾ ਧੂਰੀ ਦੇ ਪਿੰਡ ਜਹਾਂਗੀਰ-ਕਹੇਰੂ ’ਚੋਂ ਲੰਘਦੀ ਡਰੇਨ ਦੀ ਇਸ ਵਰ੍ਹੇ ਵਿਭਾਗ ਵੱਲੋਂ ਸਫ਼ਾਈ ਨਹੀਂ ਹੋਈ। ਮੌਨਸੂਨ ਦੇ ਮੱਦੇਨਜ਼ਰ ਇਲਾਕੇ ਅੰਦਰ ਕਿਸਾਨਾਂ ਦੀ ਫਸਲਾਂ ਦੇ ਸੰਭਾਵੀ ਨੁਕਸਾਨ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਡਰੇਨ ਵਿਭਾਗ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿੱਚ ਪੈਂਦੀ ਉਕਤ ਡਰੇਨ ਚੌੜੇ ਪੱਤਿਆਂ ਵਾਲੀ ਜਲ ਬੂਟੀ ਨਾਲ ਐਨੀ ਭਰੀ ਖੜ੍ਹੀ ਹੈ ਕਿ ਡਰੇਨ ਦੇ ਚਾਰ-ਚੁਫੇਰੇ ਫੈਲੀ ਹੋਈ ਬੂਟੀ ਨੂੰ ਉੱਪਰੋਂ ਦੇਖਦਿਆਂ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿ ਇੱਥੇ ਡਰੇਨ ਬਣੀ ਹੋਈ ਹੈ। ਸ੍ਰੀ ਜਹਾਂਗੀਰ ਨੇ ਦੱਸਿਆ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਦਿਨਾਂ ਵਿੱਚ ਭਾਰੀ ਬਰਸਾਤ ਹੋਣੀ ਹੈ ਅਤੇ ਯਕੀਨਨ ਇਸ ਬੂਟੀ ਕਾਰਨ ਡਰੇਨ ਦਾ ਰੁਕਿਆ ਹੋਇਆ ਪਾਣੀ ਪਿੰਡ ਕਹੇਰੂ, ਜਹਾਂਗੀਰ ਅਤੇ ਰਾਜੋਮਾਜਰਾ ਦੇ ਵੱਡੇ ਰਕਬੇ ਨੂੰ ਪ੍ਰਭਾਵਿਤ ਕਰੇਗਾ। ਉਨ੍ਹਾਂ ਡਰੇਨ ਵਿੱਚ ਆ ਰਹੇ ਕੁੱਝ ਫੈਕਟਰੀਆਂ ਦੇ ਕੈਮੀਕਲ ਵਾਲੇ ਪਾਣੀ ਨਾਲ ਵੀ ਕਿਸਾਨਾਂ ਦੀ ਉਪਜਾਉ ਜ਼ਮੀਨਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ।
ਬੀ ਕੇ ਯੂ (ਏਕਤਾ)-ਉਗਰਾਹਾਂ ਦੇ ਬਲਾਕ ਆਗੂ ਮਨਜੀਤ ਸਿੰਘ ਜਹਾਂਗੀਰ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਆਪਣੇ ਹਲਕੇ ਅੰਦਰ ਡਰੇਨ ਦੀ ਸਫ਼ਾਈ ਨਹੀਂ ਹੋਈ ਤਾਂ ਬਾਹਰਲੇ ਹਲਕਿਆਂ ਦਾ ਰੱਬ ਹੀ ਰਾਖਾ ਹੋਵੇਗਾ। ਬੀ ਕੇ ਯੂ (ਰਾਜੇਵਾਲ) ਦੇ ਜ਼ਿਲ੍ਹਾ ਆਗੂ ਗੁਰਜੀਤ ਸਿੰਘ ਭੜੀ, ਬਲਵਿੰਦਰ ਸਿੰਘ ਜੱਖਲਾਂ, ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਮੰਗ ਕੀਤੀ ਤੁਰੰਤ ਡਰੇਨਾਂ ਦੀ ਸਫ਼ਾਈ ਕੀਤੀ ਜਾਵੇ ਅਤੇ ਪੂਰੇ ਮਾਮਲੇ ਦੀ ਉੱਚ ਜਾਂਚ ਕੀਤੀ ਜਾਵੇ।
ਡਰੇਨ ਵਿਭਾਗ ਦੇ ਐੱਸ ਡੀ ਓ ਨਮਨ ਜੈਨ ਨੇ ਕਿਹਾ ਕਿ ਉਹ ਜ਼ੋਰ-ਸ਼ੋਰ ਨਾਲ ਸਾਰੇ ਕੰਮ ਕਰਵਾ ਰਹੇ ਹਨ ਅਤੇ ਇਹ ਕੰਮ ਉਨ੍ਹਾਂ ਦੇ ਉਂਗਲਾਂ ਦੇ ਪੋਟਿਆਂ ’ਤੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਕੋਈ ਸ਼ਿਕਾਇਤ ਹੈ, ਉਹ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ।
ਵੱਡੀ ਨਦੀ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਕੰਮ ਦਾ ਜਾਇਜ਼ਾ ਲਿਆ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ ਡੀ ਏ), ਪਟਿਆਲਾ ਦੇ ਮੁੱਖ ਪ੍ਰਸ਼ਾਸਕ ਅਪਰਨਾ ਐੱਮ ਬੀ ਨੇ ਮੌਨਸੂਨ ਸੀਜ਼ਨ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਡਰੇਨੇਜ਼ ਵਿਭਾਗ ਅਤੇ ਪੀ ਡੀ ਏ, ਪਟਿਆਲਾ ਦੇ ਅਧਿਕਾਰੀਆਂ ਨਾਲ ਵੱਡੀ ਨਦੀ ਅਤੇ ਪਿੰਡ ਫਲੌਲੀ ਦੇ ਨਾਲ ਲੱਗਦੇ ਇਲਾਕੇ ਦਾ ਨਿਰੀਖਣ ਕੀਤਾ। ਇਸ ਮੌਕੇ ਅਪਰਨਾ ਐੱਮ ਬੀ ਨੇ ਵੱਡੀ ਨਦੀ ਦੇ ਨਾਲ ਲੱਗਦੇ ਖੇਤਰਾਂ ਵਿੱਚ ਡਰੇਨੇਜ਼ ਵਿਭਾਗ ਵੱਲੋਂ ਬੰਨ੍ਹ ਬਣਾਉਣ ਅਤੇ ਮਜ਼ਬੂਤ ਕਰਨ ਦੇ ਪ੍ਰਗਤੀ ਅਧੀਨ ਕੰਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹੜ੍ਹਾਂ ਤੋਂ ਰੋਕਥਾਮ ਸਬੰਧੀ ਕੀਤੇ ਜਾ ਰਹੇ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਡਰੇਨੇਜ਼ ਵਿਭਾਗ ਨੇ ਇਸ ਕੰਮ ਨੂੰ ਜਲਦੀ ਮੁਕੰਮਲ ਕਰਨ ਦਾ ਭਰੋਸਾ ਦਿਵਾਇਆ ਹੈ। ਮੁੱਖ ਪ੍ਰਸ਼ਾਸਕ ਅਪਰਨਾ ਐੱਮ ਬੀ ਨੇ ਇਸ ਉਪਰੰਤ ਅਰਬਨ ਅਸਟੇਟ ਦੇ ਫੇਜ਼- 4 ਏਰੀਏ ਦਾ ਨਿਰੀਖਣ ਵੀ ਕੀਤਾ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਅਰਬਨ ਅਸਟੇਟ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਸੀ।
