ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਸਣੇ ਬੁੱਧਵਾਰ ਨੂੰ ਇੱਥੇ ਤੀਆਂ ਦੇ ਮੇਲੇ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਅੱਜ ‘ਸ਼ੇਰਨੀਆਂ’ ਬਣ ਕੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਸੂਬੇ ਦੀ ਤਰੱਕੀ ਪਿੱਛੇ ਮਜ਼ਬੂਤ ਸ਼ਕਤੀ ਵਜੋਂ ਉੱਭਰ ਰਹੀਆਂ ਹਨ। ਔਰਤਾਂ ਦੇ ਆਰਥਿਕ ਸ਼ਕਤੀਕਰਨ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 75 ਲੱਖ ਤੋਂ ਵੱਧ ਔਰਤਾਂ ਨੂੰ ਹਰ ਮਹੀਨੇ 1,000-1,500 ਰੁਪਏ ਮਿਲ ਰਹੇ ਹਨ, ਜਦਕਿ 29,000 ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ 3 ਲੱਖ ਔਰਤਾਂ ਨੂੰ 631 ਕਰੋੜ ਰੁਪਏ ਦੇ ਵਿਆਜ-ਮੁਕਤ ਕਰਜ਼ਿਆਂ ਨਾਲ ਸਹਿਯੋਗ ਦਿੱਤਾ ਗਿਆ ਹੈ। ਅਜਿਹੇ ਉਪਰਾਲੇ ਜਿੱਥੇ ਮਜ਼ਬੂਤ ਅਤੇ ਰੰਗਲਾ ਪੰਜਾਬ ਬਣਾਉਣ ਵਿੱਚ ਮਦਦ ਕਰ ਰਹੇ ਹਨ, ਉੱਥੇ ਹੀ ਤੀਆਂ ਦੇ ਮੇਲੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ 75.24 ਲੱਖ ਮਾਵਾਂ-ਭੈਣਾਂ ਨੂੰ ਸਨਮਾਨ ਰਾਸ਼ੀ ਮਿਲ ਚੁੱਕੀ ਹੈ ਅਤੇ ਬਾਕੀ ਰਹਿੰਦੀਆਂ ਭੈਣਾਂ ਨੂੰ ਵੀ ਰੱਖੜੀ ਦੇ ਤਿਉਹਾਰ ਮੌਕੇ ਜਲਦ ਇਹ ਤੋਹਫ਼ਾ ਮਿਲ ਜਾਵੇਗਾ।
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਮਿਲ ਰਿਹਾ ਹੈ ਅਤੇ ਹੁਣ ਤੱਕ ਤਿੰਨ ਲੱਖ ਤੋਂ ਵੱਧ ਮਰੀਜ਼ਾਂ ਨੂੰ 1,100 ਕਰੋੜ ਰੁਪਏ ਦਾ ਨਗਦੀ ਰਹਿਤ ਇਲਾਜ ਮਿਲ ਚੁੱਕਾ ਹੈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਡਾ. ਅਨਵਰ ਭਸੌੜ, ਦਲਵੀਰ ਸਿੰਘ ਢਿੱਲੋਂ, ਪੁਸ਼ਵਿੰਦਰ ਸ਼ਰਮਾ ਤੇ ਬਲਵਿੰਦਰ ਬਿੱਲੂ ਹਾਜ਼ਰ ਸਨ।

