ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ’ਤੇ ਆਧਾਰਿਤ ‘ਗੈਰ ਅਧਿਆਪਨ ਕਰਮਚਾਰੀ ਸੰਘ’ ਲਈ 22 ਜਨਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਅਗਾਊਂ ਹੀ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਪਟਿਆਲਾ ਵੱਲੋਂ ਸੁਰੱਖਿਆ ਬੰਦੋਬਸਤ ਵੀ ਕੀਤੇ ਗਏ ਹਨ। ਇਸ ਦੌਰਾਨ ਸੱਤ ਅਹੁਦੇਦਾਰਾਂ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਸਹਾਇਕ ਸਕੱਤਰ, ਪ੍ਰਚਾਰ ਸਕੱਤਰ ਤੇ ਖਜ਼ਾਨਚੀ ਸਮੇਤ ਕਾਰਜਕਾਰਨੀ ਦੇ ਪੰਜ ਮੈਂਬਰਾਂ ਦੀ ਚੋਣ ਹੋਵੇਗੀ।
ਇਸ ਸਬੰਧੀ ਕੈਂਪਸ ਦੇ ਅੰਦਰ ਹੀ ਬਣੇ ਪੋਲਿੰਗ ਸੈਂਟਰ ’ਤੇ 22 ਜਨਵਰੀ ਨੂੰ ਸਵੇਰੇ 9 ਵਜੇ ਤੋਂ ਰਿਟਰਨਿੰਗ ਅਫਸਰ ਜਰਨੈਲ ਸਿੰਘ (ਡਿਪਟੀ ਰਜਿਸਟਰਾਰ) ਦੀ ਨਿਗਰਾਨੀ ਹੇਠ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ ਤੇ ਸ਼ਾਮੀ ਨਤੀਜੇ ਐਲਾਨੇ ਜਾਣਗੇ। ਲਗਪਗ 2300 ਵੋਟਰ ਮੁਲਾਜ਼ਮਾਂ ਵਿਚੋਂ 2100 ਦੇ ਕਰੀਬ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਅਤੇ ਬਾਕੀ ਯੂਨੀਵਰਸਿਟੀ ਦੇ ਹੀ ਤਲਵੰਡੀ ਸਾਬੋ ਸਥਿਤ ਨੇਬਰ ਹੁੱੱਡ ਕੈਂਪਸ ਵਿਚ ਤਾਇਨਾਤ ਹਨ। ਉਨ੍ਹਾਂ ਦੀਆਂ ਵੋਟਾਂ ਉਥੇ ਹੀ ਪੈਣਗੀਆਂ, ਪਰ ਨਤੀਜਾ ਸਾਂਝਾ ਹੋਵੇਗਾ। ਇਹ ਇਹ ਸਾਰੇ ਅਹੁਦੇਦਾਰ ਇੱਕ ਸਾਲ ਲਈ ਚੁਣੇ ਜਾਂਦੇ ਹਨ। ਇਹ ਚੋਣ ਜਿੱਤਣ ਲਈ ਬਾਗੜੀਆਂ ਟੀਮ, ਸਾਂਝੀ ਮੁਲਾਜ਼ਮ ਸੋਚ ਅਤੇ ਈਫਾ ’ਤੇ ਆਧਾਰਿਤ ਤਿੰਨ ਮੁੱਖ ਧਿਰਾਂ ਦਰਮਿਆਨ ਮੁਕਾਬਲਾ ਹੈ। 2 ਜਨਵਰੀ ਨੂੰ ਚੋਣਾ ਦਾ ਐਲਾਨ ਹੋਣ ਉਪਰੰਤ ਸ਼ੁਰੂ ਹੋਈਆਂ ਸਰਗਰਮੀਆਂ ਦੌਰਾਨ ਇਨ੍ਹਾਂ ਵਿਚੋਂ ਕਿਸੇ ਵੀ ਧਿਰ ਨੇ ਮੁਲਾਜ਼ਮਾਂ ਤੱਕ ਪਹੁੰਚ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਬਾਗੜੀਆਂ ਟੀਮ, ਜਿਸ ਦੀ ਚੋਣ ਨਿਸ਼ਾਨ ਬੱਸ ਹੈ, ਵੱਲੋਂ ਰਾਜਿੰਦਰ ਸਿੰਘ ਬਾਗੜੀਆਂ ਪ੍ਰਧਾਨਗੀ ਅਹੁਦੇ, ਪ੍ਰਕਾਸ਼ ਸਿੰਘ ਧਾਲੀਵਾਲ ਮੀਤ ਪ੍ਰਧਾਨ, ਅਮਰਜੀਤ ਕੌਰ ਗਿੱਲ ਜਨਰਲ ਸਕੱਤਰ, ਤੇਜਿੰਦਰ ਸਿੰਘ ਸਕੱਤਰ, ਓਂਕਾਰ ਸਿੰਘ ਸਹਾਇਕ ਸਕੱਤਰ, ਕਮਲਪ੍ਰੀਤ ਸਿੰਘ ਪ੍ਰਚਾਰ ਸਕੱਤਰ ਤੇ ਸੁਰਜੀਤ ਸਿੰਘ ਖਜ਼ਾਨਚੀ ਜਦਕਿ ਗੁਰਪਿਆਰ ਸਿੰਘ, ਲੱਖੀ ਰਾਮ, ਗੁਲਦੀਪ ਸਿੰਘ, ਗੁਰਧਿਆਨ ਸਿੰਘ ਅਤੇ ਲਾਲ ਸਿੰਘ ਸਹੋਤਾ ਮੈਂਬਰੀ ਦੀ ਚੋਣ ਲੜ ਰਹੇ ਹਨ।
ਈਫਾ ਪਾਰਟੀ ਨੂੰ ਚੋਣ ਨਿਸ਼ਾਨ ਮੇਜ ਮਿਲਿਆ ਹੈ। ਉਸ ਵੱਲੋਂ ਗੁਰਜੀਤ ਗੁਪਾਲਪੁਰੀ ਪ੍ਰਧਾਨਗੀ ਲਈ ਚੋਣ ਪਿੜ ’ਚ ਹਨ। ਜਗਤਾਰ ਸਿੰਘ ਸੈਣੀ ਜਨਰਲ ਸਕੱਤਰ, ਨਵਦੀਪ ਚਾਨੀ ਮੀਤ ਪ੍ਰਧਾਨ, ਸੰਦੀਪ ਕੁਮਾਰ ਰਾਜਪੁਰਾ ਸਕੱਤਰ, ਸ਼ਰਨਦੀਪ ਕੌਰ ਸਹਾਇਕ ਸਕੱਤਰ, ਗੁਰਮੀਤ ਸਿੰਘ ਸਹੋਤਾ ਪ੍ਰਚਾਰ ਸਕੱਤਰ ਅਤੇ ਮਨਜੀਤ ਸਿੰਘ (ਯੂਕੋ) ਖਜਾਨਚੀ ਸਮੇਤ ਸੰਜੀਵ, ਅਨਿਲ ਕੁਮਾਰ, ਗੁਰਨਾਮ ਕੌਰ ਗੁਰਾਇਆ, ਮੋਹਣ ਲਾਲ ਪੰਜੋਲਾ ਅਤੇ ਇੰਦੂ ਬਾਲਾ ਮੈਂਬਰ ਦੇ ਅਹੁਦੇ ਲਈ ਕਸ਼ਮਕਸ਼ ਕਰ ਰਹੇ ਹਨ।
ਸਾਂਝੀ ਮੁਲਾਜ਼ਮ ਸੋਚ ਨਾਮਕ ਜਥੇਬੰਦੀ ਦਾ ਚੋਣ ਨਿਸ਼ਾਨ ਨਗਾਰਾ ਹੈ ਤੇ ਇਸ ਨੇ ਪ੍ਰਧਾਨਗੀ ਲਈ ਸਾਬਕਾ ਪ੍ਰਧਾਨ ਰਾਜਿੰਦਰ ਰਾਜੂ ਨੂੰ ਉਮੀਦਵਾਰ ਬਣਾਇਆ ਹੈ। ਜਦਕਿ ਅਮਨਦੀਪ ਸਿੰਘ ਮੀਤ ਪ੍ਰਧਾਨ, ਸ੍ਰੀਮਤੀ ਹੇਮਾ ਜਨਰਲ ਸਕੱਤਰ, ਲਾਡੀ ਸਿੰਘ ਸਕੱਤਰ, ਮਨਜੀਤ ਸਿੰਘ ਨੂੰ ਸਹਾਇਕ ਸਕੱਤਰ, ਦੇਵ ਰਿਸ਼ੀ ਹਾਂਡਾ ਪ੍ਰਚਾਰ ਸਕੱਤਰ ਅਤੇ ਗੁਰਦੀਪ ਸਿੰਘ ਖਜਾਨਚੀ ਦੇ ਅਹੁਦੇ ਲਈ ਮੈਦਾਨ ’ਚ ਹਨ। ਇਸ ਦੇ ਅੰਕੁਸ਼, ਮੰਗਤ ਰਾਮ ਸਿੰਗਲਾ, ਨਿਸ਼ਾਨ ਸਿੰਘ, ਮੰਗਤ ਸਿੰਘ ਅਤੇ ਗੁਰਸੇਵਕ ਸਿੰਘ ਮੈਂਬਰ ਬਣਨ ਲਈ ਚੋਣ ਲੜ ਰਹੇ ਹਨ।

