Punjabi University: ਲੋਕਧਾਰਾ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ’ਤੇ ਜ਼ੋਰ
ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ‘ਪੰਜਾਬੀ ਲੋਕਧਾਰਾ: ਪ੍ਰਾਪਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਕਰਵਾਈ ਤਿੰਨ ਰੋਜ਼ਾ 11ਵੀਂ ‘ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ’ ਸਮਾਪਤ ਹੋ ਗਈ ਹੈ। ਵਿਦਵਾਨਾਂ ਨੇ ਕਿਹਾ ਕਿ ਲੋਕਧਾਰਾ ਗਤੀਸ਼ੀਲ ਵਰਤਾਰਾ ਹੈ ਜਿਸ ਵਿੱਚ ਲਗਾਤਾਰ ਰੂਪਾਂਤਰਨ ਦ੍ਰਿਸ਼ਟੀਗੋਚਰ...
ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ‘ਪੰਜਾਬੀ ਲੋਕਧਾਰਾ: ਪ੍ਰਾਪਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਕਰਵਾਈ ਤਿੰਨ ਰੋਜ਼ਾ 11ਵੀਂ ‘ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ’ ਸਮਾਪਤ ਹੋ ਗਈ ਹੈ। ਵਿਦਵਾਨਾਂ ਨੇ ਕਿਹਾ ਕਿ ਲੋਕਧਾਰਾ ਗਤੀਸ਼ੀਲ ਵਰਤਾਰਾ ਹੈ ਜਿਸ ਵਿੱਚ ਲਗਾਤਾਰ ਰੂਪਾਂਤਰਨ ਦ੍ਰਿਸ਼ਟੀਗੋਚਰ ਹੁੰਦਾ ਰਹਿੰਦਾ ਹੈ।
ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਲੋਕਧਾਰਾ ਸਿਰਫ਼ ਬੀਤੇ ਦੀ ਪੇਸ਼ਕਾਰੀ ਨਹੀਂ ਬਲਕਿ ਸਾਡੀ ਹੋਂਦ ਦਾ ਅਹਿਮ ਹਿੱਸਾ ਹੈ। ਉਨ੍ਹਾਂ ਡਿਜੀਟਲ ਯੁੱਗ ਦੀਆਂ ਚੁਣੌਤੀਆਂ ਦੇ ਇਸ ਦੌਰ ਵਿੱਚ ਅਮੀਰ ਸਰਮਾਏ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਨੂੰ ਲਾਜ਼ਮੀ ਪਹਿਲੂ ਦੱਸਿਆ। ਉਨ੍ਹਾਂ ਬਦਲਦੇ ਸਮਾਜਿਕ ਸਰੋਕਾਰਾਂ ਦੇ ਮੱਦੇਨਜ਼ਰ ਨਵੇਂ ਖੋਜਾਰਥੀਆਂ ਨੂੰ ਇਸ ਵਿਸ਼ੇ ਦੇ ਅਣਛੋਹੇ ਪਹਿਲੂਆਂ ’ਤੇ ਕੰਮ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਮੁੱਖ ਮਹਿਮਾਨ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਲੋਕਧਾਰਾ ਹੀ ਕਿਸੇ ਕੌਮ ਦੀ ਅਸਲ ਪਛਾਣ ਹੁੰਦੀ ਹੈ। ਇਸ ਨੂੰ ਸੰਭਾਲਣ ਅਤੇ ਇਸ ਦਾ ਵਿਗਿਆਨਕ ਵਿਸ਼ਲੇਸ਼ਣ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਵਿਦਾਇਗੀ ਭਾਸ਼ਣ ਦੌਰਾਨ ਡਾ. ਰਜਿੰਦਰਪਾਲ ਬਰਾੜ ਨੇ ਵਰਤਮਾਨ ਦੌਰ ਵਿੱਚ ਲੋਕਧਾਰਾ ਦੇ ਖੇਤਰ ਵਿੱਚ ਵਾਪਰ ਰਹੀਆਂ ਵੱਡੀਆਂ ਤਬਦੀਲੀਆਂ ਸਬੰਧੀ ਨੁਕਤੇ ਉਠਾਉਂਦਿਆਂ ਲੋਕਧਾਰਾ ਦੇ ਇਤਿਹਾਸ ਅਤੇ ਰੂਪਾਂਤਰਨ ਦੇ ਵਾਹਕਾਂ ’ਤੇ ਚਰਚਾ ਕਰਦਿਆਂ ਇਸ ਦੇ ਗਤੀਸ਼ੀਲ ਵਰਤਾਰਿਆਂ ’ਤੇ ਚਰਚਾ ਕੀਤੀ। ਵਿਭਾਗ ਮੁਖੀ ਡਾ. ਮੋਹਨ ਸਿੰਘ ਤਿਆਗੀ ਨੇ ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਭਾਗੀ ਅਮਲੇ ਦਾ ਧੰਨਵਾਦ ਕੀਤਾ। ਡਾ. ਪਰਮੀਤ ਕੌਰ ਨੇ ਤਿੰਨ ਦਿਨ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ’ਤੇ ਰਿਪੋਰਟ ਪੇਸ਼ ਕੀਤੀ। ਮੰਚ ’ਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਵੀ ਮੌਜੂਦ ਸਨ। ਪਹਿਲੇ ਦਿਨ ਦੇ ਸੈਸ਼ਨਾਂ ਵਿੱਚ ਲੋਕਧਾਰਾ ਦੇ ਵਿਸ਼ਿਆਂ ’ਤੇ ਖੋਜ-ਪੱਤਰ ਪੇਸ਼ ਕੀਤੇ ਗਏ। ਇਸ ਦੌਰਾਨ ਡਾ. ਚਰਨਜੀਤ ਕੌਰ, ਅਰਤਿੰਦਰ ਸੰਧੂ, ਡਾ. ਅਮਰਜੀਤ ਸਿੰਘ, ਡਾ. ਪਰਵੀਨ ਕੁਮਾਰ ਅਤੇ ਕਮਲ ਧਰਮਸੋਤ ਅਮਰੀਕਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕਿਰਪਾਲ ਕਜ਼ਾਕ ਦੀ ਅਗਵਾਈ ਹੇਠ ਹੋਈ ਸੱਭਿਆਚਾਰਕ ਸ਼ਾਮ ਦੌਰਾਨ ਪੰਜਾਬ ਦੀ ਲੋਕਧਾਰਾ ਦੀਆਂ ਖ਼ੂਬਸੂਰਤ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਦੂਜੇ ਦਿਨ ਦਰਸ਼ਨ ਬੁੱਟਰ, ਡਾ. ਮਾਨ ਢੀਂਡਸਾ, ਡਾ. ਯੋਗਰਾਜ ਅੰਗਰਿਸ਼ ਅਤੇ ਰਾਜਵੰਤ ਕੌਰ ਪੰਜਾਬੀ ਦੀ ਪ੍ਰ੍ਧਾਨਗੀ ਹੇਠਲੇ ਚਾਰ ਸੈਸ਼ਨਾਂ ਦੌਰਾਨ ਲੋਕਧਾਰਾ ਦੇ ਪੱਖਾਂ ’ਤੇ ਪੇਪਰ ਪੜ੍ਹੇ ਗਏ। ਡਾ. ਮੁਹੰਮਦ ਇਦਰੀਸ਼, ਡਾ. ਗੁਰਮੀਤ ਸਿੱਧੂ, ਡਾ. ਬਲਜੀਤ ਬੱਲੀ, ਬਲਵਿੰਦਰ ਧਾਲੀਵਾਲ, ਡਾ. ਅਰਵਿੰਦਰ ਕੌਰ ਕਾਕੜਾ, ਧਰਮ ਕੰਮੇਆਣਾ, ਬਲਵੰਤ ਭਾਟੀਆ, ਕੁਲਵਿੰਦਰ ਚਾਵਲਾ, ਡਾ. ਪੁਸ਼ਪਿੰਦਰ ਕੌਰ ਅਤੇ ਡਾ. ਸੁਮਨਪ੍ਰੀਤ ਕੌਰ ਵਿਰਕ ਵਿਸ਼ੇਸ਼ ਮਹਿਮਾਨ ਰਹੇੇ।
ਅੰਤਲੇ ਦਿਨ ਲੋਕਧਾਰਾ ਵਿਦਵਾਨ ਡਾ. ਭੁਪਿੰਦਰ ਖਹਿਰਾ ਦੀ ਪ੍ਰਧਾਨਗੀ ਹੇਠਲੇ ਪੈਨਲ ਡਿਸਕਸ਼ਨ ਸੈਸ਼ਨ ਦੌਰਾਨ ਬਹਿਸ ਦੀ ਸ਼ੁਰੂਆਤ ਡਾ. ਸਤੀਸ਼ ਵਰਮਾ ਨੇ ਕੀਤੀ। ਡਾ. ਮਾਨ ਸਿੰਘ ਢੀਂਡਸਾ, ਡਾ. ਗੁਰਨਾਇਬ ਸਿੰਘ ਅਤੇ ਡਾ. ਨਿਵੇਦਿਤਾ ਸਿੰਘ ਨੇ ਲੋਕਧਾਰਾ ਦੇ ਅਤੀਤ, ਵਰਤਮਾਨ ਅਤੇ ਭਵਿੱਖ ਸਬੰਧੀ ਟਿੱਪਣੀਆਂ ਕਰਦਿਆਂ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਲੋਕਧਾਰਾ ਦੇ ਖੇਤਰ ਵਿੱਚ ਦਰਪੇਸ਼ ਵੰਗਾਰਾਂ ਅਤੇ ਚੁਣੌਤੀਆਂ ’ਤੇ ਚਰਚਾ ਕੀਤੀ।

