Punjab Police Intensify Anti-Drug Drive: ਪੁਲੀਸ ਨੇ ਜਮਾਲਪੁਰਾ ਸਣੇ ਕਈ ਇਲਾਕਿਆਂ ’ਚ ਚੈਕਿੰਗ ਕੀਤੀ
ਵੱਖ-ਵੱਖ ਮਾਮਲਿਆਂ ’ਚ 18 ਮੁਲਜ਼ਮ ਗ੍ਰਿਫ਼ਤਾਰ ਕੀਤੇ
ਡਿਪਟੀ ਇੰਸਪੈਕਟਰ ਜਨਰਲ ਪੁਲੀਸ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਮਾਲੇਰਕੋਟਲਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ। ਡੀ ਆਈ ਜੀ ਚਹਿਲ ਨਾਲ ਸੀਨੀਅਰ ਕਪਤਾਨ ਪੁਲੀਸ ਮਾਲੇਰਕੋਟਲਾ ਗੁਰਮੀਤ ਸਿੰਘ ਸਮੇਤ ਜ਼ਿਲ੍ਹੇ ਦੇ ਸਾਰੇ ਪੁਲੀਸ ਗਜ਼ਟਿਡ ਅਧਿਕਾਰੀ ਮੌਜੂਦ ਸਨ। ਇਸ ਮੌਕੇ ਡੀ ਆਈ ਜੀ ਚਹਿਲ ਨੇ ਦੱਸਿਆ ਕਿ ਇਸ ਦੌਰਾਨ ਵੱਖ ਵੱਖ ਅਪਰਾਧਿਕ ਮਾਮਲਿਆਂ ’ਚ ਲੋੜੀਂਦੇ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਹੋਰ ਸ਼ੱਕੀ ਵਿਅਕਤੀਆਂ ਦੀ ਤਸਦੀਕ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਕਾਸੋ ਅਪ੍ਰੇਸ਼ਨ ਤਹਿਤ ਸਬ-ਡਿਵੀਜ਼ਨ ਅਮਰਗੜ੍ਹ ਅਤੇ ਅਹਿਮਦਗੜ੍ਹ ਵਿੱਚ ਵੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
ਸਮਾਣਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅਪਰੇਸ਼ਨ ਪ੍ਰਹਾਰ ਚਲਾਇਆ ਗਿਆ। ਇਸ ਵਿਸ਼ੇਸ਼ ਮੁਹਿੰਮ ਤਹਿਤ ਸਮਾਣਾ ਪੁਲੀਸ ਨੇ 19 ਭਗੌੜਿਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਤ ਕੀਤੀ। ਇਸ ਸਬੰਧੀ ਡੀ ਐੱਸ ਪੀ ਫ਼ਤਿਹ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲੀਸ ਨੂੰ ਵੱਡੀ ਸਫ਼ਲਤਾ ਮਿਲੀ ਅਤੇ ਕੁੱਲ 19 ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਮਾਣਾ ਦੇ ਅਗਰਸੈਨ ਚੌਕ ਵਿੱਚ ਸ਼ਾਮ 5 ਵਜੇ ਤੋਂ 7 ਵਜੇ ਤੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਨਾਕੇ ਦੌਰਾਨ ਪੁਲੀਸ ਵੱਲੋਂ ਲੰਘਣ ਵਾਲੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ।
ਨਸ਼ੀਲੇ ਪਦਾਰਥ ਬਰਾਮਦ
ਘਨੌਰ (ਖੇਤਰੀ ਪ੍ਰਤੀਨਿਧ): ਥਾਣਾ ਸ਼ੰਭੂ ਦੀ ਪੁਲੀਸ ਨੇ ਥਾਣਾ ਮੁਖੀ ਸਵਰਨ ਸਿੰਘ ਦੀ ਅਗਵਾਈ ਹੇਠਾਂ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਦੌਰਾਨ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਹੈ। ਇਸ ਦੌਰਾਨ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਸਮੇਤ ਪੁਲੀਸ ਪਾਰਟੀ ਜਦੋਂ ਗਸ਼ਤ ਤੇ ਤਲਾਸ਼ੀ ਦੌਰਾਨ ਸ਼ੱਕੀ ਤੇ ਮਾੜੇ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਮਹਿਮਦਪਰ ਕੋਲ ਮੌਜੂਦ ਸੀ ਤਾਂ ਸ਼ੱਕ ਦੇ ਆਧਾਰ ’ਤੇ ਚੈੱਕ ਕਰਨ ’ਤੇ ਇੱਕ ਵਿਅਕਤੀ ਕੋਲੋਂ 8 ਕਿਲੋ ਗਾਂਜਾ ਬਰਾਮਦ ਹੋਇਆ। ਘਨੌਰ ਦੇ ਡੀ ਐੱਸ ਪੀ ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਮੁਲਜ਼ਮ ਦੀ ਪਹਿਚਾਣ ਰਾਜਦੇਵ ਚੋਪਾਲ ਵਾਸੀ ਲੁਧਿਆਣਾ ਹਾਲ ਵਾਸੀ ਬਿਹਾਰ ਵਜੋਂ ਹੋਈ ਜਿਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸ਼ੰਭੂ ਦੇ ਹੀ ਸਹਾਇਕ ਥਾਣੇਦਾਰ ਜਸਵਿੰਦਰ ਪਾਲ ਤੇ ਪੁਲੀਸ ਟੀਮ ਨੇ ਵੀ ਵੱਖਰੀ ਕਾਰਵਾਈ ’ਚ ਵੀਰ ਮੋਹਨ ਵਾਸੀ ਧਰਮਕੋਟ ਕੋਲੋਂ ਸੱਤ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਸਵਰਨ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਖਿਲਾਫ਼ ਵੀ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
