Punjab Municipal Workers Launch Indefinite Strike: ਸਫ਼ਾਈ ਸੇਵਕਾਂ ਦੀ ਬੇਮਿਆਦੀ ਹੜਤਾਲ ਸ਼ੁਰੂ
ਪੰਜਾਬ ਸਰਕਾਰ ਦੇ ਮੰਗਾਂ ਪ੍ਰਤੀ ਨਾਂਹ-ਪੱਖੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਸਫ਼ਾਈ ਸੇਵਕਾਂ ਅਤੇ ਮਿਉਂਸਿਪਲ ਮੁਲਾਜ਼ਮਾਂ ਨੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਹੱਲ ਨਾ ਹੋਣ ਤੋਂ ਖਫ਼ਾ ਹੋ ਕੇ ਸਮੁੱਚਾ ਕੰਮ-ਕਾਜ ਬੰਦ ਕਰ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹੜਤਾਲੀ ਸਫ਼ਾਈ ਸੇਵਕਾਂ ਅਤੇ ਮਿਉਂਸਿਪਲ ਮੁਲਾਜ਼ਮਾਂ ਵੱਲੋਂ ਨਗਰ ਕੌਂਸਲ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੇ ਮੰਗਾਂ ਪ੍ਰਤੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ, ਸਥਾਨਕ ਇਕਾਈ ਪ੍ਰਧਾਨ ਅਜੇ ਬੇਦੀ, ਸੂਬਾ ਮੀਤ ਪ੍ਰਧਾਨ ਨਾਥਾ ਰਾਮ ਅਤੇ ਚੇਅਰਮੈਨ ਊਸ਼ਾ ਦੇਵੀ ਨੇ ਕਿਹਾ ਕਿ ਪਹਿਲਾਂ ਵੀ ਸਫ਼ਾਈ ਸੇਵਕਾਂ ਅਤੇ ਮਿਉਂਸਿਪਲ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਸੀ ਪਰ ਸਰਕਾਰ ਨੇ ਮੰਗਾਂ ਦੇ ਹੱਲ ਦਾ ਭਰੋਸਾ ਦੇ ਕੇ ਹੜਤਾਲ ਖਤਮ ਕਰਵਾਈ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਸਰਕਾਰ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹਨ, ਇਨ੍ਹਾਂ ਵਿੱਚ ਉਹ ਸਰਕਾਰ ਨੂੰ ਮੰਗਾਂ ਤੋਂ ਜਾਣੂ ਕਰਵਾਉਂਦੇ ਰਹੇ ਹਨ ਪਰ ਸਰਕਾਰ ਦਾ ਰਵੱਈਆ ਹਮੇਸ਼ਾ ਨਾਂਹ-ਪੱਖੀ ਹੀ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ ਦੇ ਸਫ਼ਾਈ ਸੇਵਕ, ਸੀਵਰਮੈਨ ਅਤੇ ਮਿਉਂਸਿਪਲ ਮੁਲਾਜ਼ਮ ਅਣਮਿੱਥੇ ਸਮੇਂ ਲਈ ਕੰਮ-ਕਾਜ ਠੱਪ ਕਰ ਕੇ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ। ਇਸ ਮੌਕੇ ਜਨਰਲ ਸਕੱਤਰ ਰਮੇਸ਼ ਕੁਮਾਰ, ਜ਼ਿਲ੍ਹਾ ਸਕੱਤਰ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਸੁਰੇਸ਼ ਕੁਮਾਰ, ਪ੍ਰੈੱਸ ਸਕੱਤਰ ਅਮਿਤ ਕੁਮਾਰ, ਰਾਜੇਸ਼ ਬਾਗੜੀ, ਕਰਨ ਮੇਟ, ਸੰਜੇ ਕੁਮਾਰ ਆਦਿ ਮੌਜੂਦ ਸਨ।
ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਨਗਰ ਕੌਂਸਲ ਭਵਾਨੀਗੜ੍ਹ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਦੁਬਾਰਾ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ, ਜਗਮੇਲ ਸਿੰਘ ਬਿੱਟੂ ਬਲਾਕ ਪ੍ਰਧਾਨ, ਗੁਰਮੇਲ ਸਿੰਘ ਪ੍ਰਧਾਨ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਸ਼ਮਸ਼ੇਰ ਸਿੰਘ, ਰਾਮ ਸਰੂਪ ਸਿੰਘ ਤੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਠੇਕੇਦਾਰੀ ਸਿਸਟਮ ਬੰਦ ਕਰਨ, ਕੱਚੇ ਕਾਮੇ ਪੱਕੇ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ ਤੇ ਡੀ ਏ ਦਾ ਬਕਾਇਆ ਦੇਣ ਆਦਿ ਮੰਗਾਂ ਲਈ ਲਗਾਤਾਰ ਇੱਕ ਮਹੀਨਾ ਕੰਮ ਛੋੜ ਹੜਤਾਲ ਰੱਖੀ ਗਈ ਸੀ, ਜੋ ਪੰਜਾਬ ਸਰਕਾਰ ਵੱਲੋਂ ਭਰੋਸਾ ਦੇਣ ਉਪਰੰਤ ਮੁਲਤਵੀ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਮੰਗ ਸਵੀਕਾਰ ਨਾ ਕਰਨ ਦੇ ਰੋਸ ਵਜੋਂ ਅੱਜ ਦੁਬਾਰਾ ਫਿਰ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਅੜੀਅਲ ਵਤੀਰੇ ਖਿਲਾਫ਼ ਜਥੇਬੰਦੀ ਤਿੱਖੇ ਸੰਘਰਸ਼ ਦੇ ਰਾਹ ਪੈ ਸਕਦੀ ਹੈ। ਇਸੇ ਦੌਰਾਨ ਯੂਥ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕੰਧੋਲਾ, ਕੌਂਸਲਰ ਹਰਪ੍ਰੀਤ ਸਿੰਘ ਬਾਜਵਾ ਸਮੇਤ ਕੌਂਸਲਰਾਂ ਵੱਲੋਂ ਸਫ਼ਾਈ ਸੇਵਕਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ।
